ਪੰਜਾਬ ਵਿੱਚ ਲੋਕਾਂ ਦਾ ਮੈਨੀਫੈਸਟੋ ਲਿਆਵੇਗੀ ਕਾਂਗਰਸ- ਡਾ. ਅਮਰ ਸਿੰਘ |




2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਦੀ ਹੋਈ ਪਹਿਲੀ ਮੀਟਿੰਗ |

ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਮੱਦੇਨਜ਼ਰ, ਪਾਰਟੀ ਦੀ ਨਵੀਂ ਬਣੀ ਮੈਨੀਫੈਸਟੋ ਕਮੇਟੀ ਨੇ ਸੂਬੇ ਭਰ ਦੇ ਹਰ ਵਰਗ ਤੋਂ ਸੁਝਾਅ ਅਤੇ ਮੰਗਾਂ ਲੈ ਕੇ ਪਾਰਟੀ ਦੇ ਚੋਣ ਘੋਸ਼ਣਾ ਪੱਤਰ ਨੂੰ "ਲੋਕਾਂ ਦਾ ਮੈਨੀਫੈਸਟੋ" ਬਣਾਉਣ ਦਾ ਫ਼ੈਸਲਾ ਕੀਤਾ ਹੈ।

ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਗਠਿਤ ਮੈਨੀਫੈਸਟੋ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਇੱਥੇ ਹੋਈ। ਮੀਟਿੰਗ ਵਿੱਚ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ, ਪੰਜਾਬ ਦੇ ਸਾਬਕਾ ਮੰਤਰੀ ਪਰਗਟ ਸਿੰਘ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਹਰਦਿਆਲ ਸਿੰਘ ਕੰਬੋਜ ਸ਼ਾਮਲ ਹੋਏ।

ਕਮੇਟੀ ਨੇ ਮੈਨੀਫੈਸਟੋ ਤਿਆਰ ਕਰਨ ਦੀ ਪ੍ਰਕਿਰਿਆ 'ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸਿਰਫ਼ ਪਾਰਟੀ ਸੰਗਠਨ ਦੇ ਅੰਦਰ ਤਿਆਰ ਕਰਨ ਦੀ ਬਜਾਏ ਪੰਜਾਬੀਆਂ ਦੀਆਂ ਆਸਾਂ, ਚਿੰਤਾਵਾਂ ਅਤੇ ਤਰਜੀਹਾਂ ਦਾ ਅਸਲ ਪ੍ਰਤੀਬਿੰਬ ਹੋਣਾ ਚਾਹੀਦਾ ਹੈ।

ਫ਼ੈਸਲਾ ਕੀਤਾ ਗਿਆ ਕਿ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਦਾ ਵਿਆਪਕ ਦੌਰਾ ਕਰੇਗੀ ਅਤੇ ਅੰਤਿਮ ਦਸਤਾਵੇਜ਼ ਤਿਆਰ ਕਰਨ ਤੋਂ ਪਹਿਲਾਂ ਵੱਖ-ਵੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰਾ ਕਰੇਗੀ।

ਕਮੇਟੀ ਵਪਾਰਕ ਅਤੇ ਕਰਮਚਾਰੀ ਯੂਨੀਅਨਾਂ, ਐਸੋਸੀਏਸ਼ਨਾਂ, ਆਰਥਿਕ ਅਤੇ ਸਮਾਜਿਕ ਸੰਗਠਨਾਂ, ਸਿਵਲ ਸੁਸਾਇਟੀ ਸਮੂਹਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਆਮ ਨਾਗਰਿਕਾਂ ਤੋਂ ਸੁਝਾਅ ਲਵੇਗੀ।

ਡਾ. ਅਮਰ ਸਿੰਘ ਨੇ ਦੱਸਿਆ ਕਿ ਇਹਨਾਂ ਵਿਚਾਰ-ਵਟਾਂਦਰੇ ਦੌਰਾਨ ਸਾਹਮਣੇ ਆਉਣ ਵਾਲੇ ਵਿਚਾਰਾਂ ਅਤੇ ਮੰਗਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ, ਉਹਨਾਂ ਨੂੰ ਅੰਤਿਮ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ ਜਾਵੇਗਾ।

ਕਮੇਟੀ ਨੇ ਪੰਜਾਬ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਹੱਲ ਲਈ ਵੱਡੇ ਪੱਧਰ 'ਤੇ ਮਸ਼ਵਰਾ ਕਰਨ ਦਾ ਵੀ ਫ਼ੈਸਲਾ ਕੀਤਾ। ਇਸ ਕਵਾਇਦ ਦਾ ਉਦੇਸ਼ ਰਵਾਇਤੀ ਸਿਆਸੀ ਵਾਅਦਿਆਂ ਤੋਂ ਅੱਗੇ ਵਧ ਕੇ ਸੂਬੇ ਦੇ ਵੱਖ-ਵੱਖ ਵਰਗਾਂ ਅਤੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੇ ਹੱਲ 'ਤੇ ਕੇਂਦਰਿਤ ਕਰਨਾ ਹੈ।

ਮੈਨੀਫੈਸਟੋ ਕਮੇਟੀ ਜਲਦ ਹੀ ਆਪਣਾ ਸੂਬਾ ਵਿਆਪੀ ਮਸ਼ਵਰਾ ਪ੍ਰੋਗਰਾਮ ਸ਼ੁਰੂ ਕਰੇਗੀ, ਜਿਸ ਤਹਿਤ ਕਮੇਟੀ ਮੈਂਬਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਕੇ ਭਾਈਵਾਲਾਂ ਅਤੇ ਜਨਤਾ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਇਸ ਉੱਦਮ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਅੰਤਿਮ ਮੈਨੀਫੈਸਟੋ ਪੰਜਾਬ ਦੇ ਹਰ ਵਰਗ ਅਤੇ ਖੇਤਰ ਦੀਆਂ ਆਸਾਂ ਦੀ ਤਰਜੁਮਾਨੀ ਕਰੇ, ਜਿਸ ਨਾਲ ਇਹ ਜਨਤਕ ਭਾਗੀਦਾਰੀ ਨਾਲ ਤਿਆਰ ਕੀਤਾ ਗਿਆ ਦਸਤਾਵੇਜ਼ ਬਣ ਸਕੇ।