'ਸੇਫ ਪੰਜਾਬ' ਵਟਸਐਪ ਹੈਲਪਲਾਈਨ ਰਾਹੀਂ ਮਿਲੀਆਂ ਸੂਚਨਾਵਾਂ 'ਤੇ 21,900 ਤੋਂ ਵੱਧ ਗ੍ਰਿਫ਼ਤਾਰੀਆਂ |




ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਭਰ ਤੋਂ 43,520 ਗੁਪਤ ਸੂਚਨਾਵਾਂ ਪ੍ਰਾਪਤ ਹੋਈਆਂ ਹਨ |

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ 'ਸੇਫ ਪੰਜਾਬ' ਵਟਸਐਪ ਹੈਲਪਲਾਈਨ ਲੋਕਾਂ ਲਈ ਨਸ਼ਾ ਤਸਕਰਾਂ ਬਾਰੇ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਅਹਿਮ ਸਾਧਨ ਬਣ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੈਲਪਲਾਈਨ ਰਾਹੀਂ ਹੁਣ ਤੱਕ ਮਿਲੀਆਂ ਸੂਚਨਾਵਾਂ ਦੇ ਆਧਾਰ 'ਤੇ 17,120 ਕੇਸ ਦਰਜ ਕੀਤੇ ਗਏ ਹਨ, ਜਦਕਿ 21,962 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਭਰ ਤੋਂ 43,520 ਗੁਪਤ ਸੂਚਨਾਵਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਦੀ ਜਾਂਚ ਤੋਂ ਬਾਅਦ ਸਹੀ ਪਾਈਆਂ ਗਈਆਂ ਸੂਚਨਾਵਾਂ ਦੇ ਆਧਾਰ 'ਤੇ ਸਬੰਧਤ ਜ਼ਿਲ੍ਹਾ ਪੁਲਿਸ ਇਕਾਈਆਂ ਵੱਲੋਂ ਕਾਰਵਾਈ ਕੀਤੀ ਗਈ। ਹੈਲਪਲਾਈਨ ਦਾ ਉਦੇਸ਼ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਨਸ਼ਾ ਤਸਕਰਾਂ ਅਤੇ ਨਸ਼ੇ ਦੇ ਗੈਰ-ਕਾਨੂੰਨੀ ਕਾਰੋਬਾਰ ਬਾਰੇ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰਨਾ ਹੈ। ਇਸ ਤਹਿਤ ਸ਼ਿਕਾਇਤਕਰਤਾ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਹਰ ਸ਼ਿਕਾਇਤ ਦੀ ਪਹਿਲਾਂ ਤਸਦੀਕ ਕਰਕੇ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।

ਵਟਸਐਪ ਹੈਲਪਲਾਈਨ ਤੋਂ ਇਲਾਵਾ ਈ-ਰਿਕਸ਼ਾਵਾਂ ਰਾਹੀਂ ਵੀ ਲੋਕਾਂ ਤੋਂ ਗੁਪਤ ਜਾਣਕਾਰੀ ਇਕੱਠੀ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਹੁਣ ਤੱਕ ਕਰੀਬ 3,440 ਪਿੰਡਾਂ ਤੱਕ ਪਹੁੰਚ ਬਣਾਈ ਜਾ ਚੁੱਕੀ ਹੈ, ਜੋ ਸੂਬੇ ਦੇ ਲਗਭਗ ਇੱਕ-ਤਿਹਾਈ ਪਿੰਡਾਂ ਦੇ ਬਰਾਬਰ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਦੋਵੇਂ ਪ੍ਰਣਾਲੀਆਂ ਨਸ਼ਾ ਤਸਕਰਾਂ ਤੱਕ ਪਹੁੰਚਣ ਲਈ ਪ੍ਰਭਾਵਸ਼ਾਲੀ ਸੂਚਨਾ ਸਰੋਤ ਸਾਬਤ ਹੋ ਰਹੀਆਂ ਹਨ।

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਹੈਲਪਲਾਈਨ ਨੂੰ ਮਿਲ ਰਿਹਾ ਹੁੰਗਾਰਾ ਦਰਸਾਉਂਦਾ ਹੈ ਕਿ ਲੋਕ ਨਸ਼ਾ ਮੁਕਤ ਮਾਹੌਲ ਵਿੱਚ ਰਹਿਣਾ ਚਾਹੁੰਦੇ ਹਨ ਅਤੇ ਜੇਕਰ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇ ਤਾਂ ਉਹ ਪੁਲਿਸ ਦੀ ਮਦਦ ਲਈ ਅੱਗੇ ਆਉਣ ਨੂੰ ਤਿਆਰ ਹਨ। ਉਨ੍ਹਾਂ ਅਨੁਸਾਰ ਲੋਕਾਂ ਦੀ ਵਧਦੀ ਭਾਗੀਦਾਰੀ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਨਾਲ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ ਹੈ।

ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਸਿਰਫ਼ ਪੁਲਿਸ ਕਾਰਵਾਈ ਨਾਲ ਹੀ ਨਹੀਂ, ਸਗੋਂ ਜਨ-ਭਾਗੀਦਾਰੀ, ਜਾਗਰੂਕਤਾ ਅਤੇ ਮੁੜ-ਵਸੇਬੇ ਵਰਗੇ ਉਪਰਾਲਿਆਂ ਨਾਲ ਵੀ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਸਥਾਈ ਸਫ਼ਲਤਾ ਲਈ ਲੋਕਾਂ ਦਾ ਲਗਾਤਾਰ ਸਹਿਯੋਗ ਬਹੁਤ ਜ਼ਰੂਰੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਲਪਲਾਈਨ 'ਤੇ ਪ੍ਰਾਪਤ ਸਾਰੀਆਂ ਸ਼ਿਕਾਇਤਾਂ ਅਤੇ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਅਨੁਸਾਰ ਲੋਕਾਂ ਦੀ ਲਗਾਤਾਰ ਭਾਗੀਦਾਰੀ ਅਤੇ ਸੂਚਨਾਵਾਂ ਦੇ ਆਧਾਰ 'ਤੇ ਹੋ ਰਹੀ ਕਾਰਵਾਈ ਕਾਰਨ 'ਸੇਫ ਪੰਜਾਬ' ਵਟਸਐਪ ਹੈਲਪਲਾਈਨ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣ ਕੇ ਉੱਭਰੀ ਹੈ।