ਵਿੱਤੀ ਸਾਲ 2024-25 ਦੌਰਾਨ ਪੀਐਮ ਕੇਅਰਜ਼ ’ਚ ਘਰੇਲੂ ਦਾਨ 30 ਪ੍ਰਤੀਸ਼ਤ ਘਟਿਆ |





479 ਕਰੋੜ ਰੁਪਏ ਹੋਇਆ, ਵਿਦੇਸ਼ੀ ਦਾਨ 18 ਪ੍ਰਤੀਸ਼ਤ ਘੱਟ ਕੇ 92.8 ਲੱਖ ਕਰੋੜ ਰਹਿ ਗਿਆ।

ਵਿੱਤੀ ਸਾਲ 2024-25 ਦੌਰਾਨ ਪੀਐਮ ਕੇਅਰਜ਼ ਨੂੰ ਮਿਲਣ ਵਾਲੇ ਘਰੇਲੂ ਦਾਨ ਵਿਚ 30 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਘੱਟ ਕੇ 479 ਕਰੋੜ ਰਹਿ ਗਿਆ, ਜਦੋਂ ਕਿ ਵਿਦੇਸ਼ੀ ਦਾਨ 18 ਪ੍ਰਤੀਸ਼ਤ ਘੱਟ ਕੇ 92.8 ਲੱਖ ਕਰੋੜ ਰਹਿ ਗਿਆ।

ਇਹ ਜਾਣਕਾਰੀ ਪੀਐਮ ਕੇਅਰਜ਼ ਫ਼ੰਡ ਦੀ ਆਡਿਟ ਰਿਪੋਰਟ ਵਿਚ ਦਿਤੀ ਗਈ। ਪੀਐਮ ਕੇਅਰਜ਼ ਫ਼ੰਡ ਵਿਚ 31 ਮਾਰਚ, 2025 ਤੱਕ ਕੁੱਲ 8,452 ਕਰੋੜ ਸੀ, ਜਦੋਂ ਕਿ ਇਕ ਸਾਲ ਪਹਿਲਾਂ 7,173 ਕਰੋੜ ਸੀ। ਰਿਪੋਰਟ ਅਨੁਸਾਰ, ਇਸ ਰਕਮ ਵਿਚੋਂ 7,846 ਕਰੋੜ ਫਿਕਸਡ ਡਿਪਾਜ਼ਿਟ ਵਿਚ ਅਤੇ 605 ਕਰੋੜ ਬਚਤ ਖਾਤਿਆਂ ਵਿਚ ਰੱਖੇ ਗਏ ਸਨ।

ਵਿੱਤੀ ਸਾਲ 2023-24 ਵਿਚ ਪੀਐਮ ਕੇਅਰਜ਼ ਫ਼ੰਡ ਨੂੰ 681.8 ਕਰੋੜ ਦੇ ਘਰੇਲੂ ਦਾਨ ਪ੍ਰਾਪਤ ਹੋਏ, ਜਦੋਂ ਕਿ ਇਸਨੂੰ ਕੁੱਲ 1.13 ਕਰੋੜ ਵਿਦੇਸ਼ੀ ਦਾਨ ਪ੍ਰਾਪਤ ਹੋਏ ਸਨ। ਇਸ ਫ਼ੰਡ ਨੇ 2024-25 ਦੌਰਾਨ ਪੀਐਮ ਕੇਅਰਜ਼ ਫਾਰ ਚਿਲਡਰਨ ਸਕੀਮ ’ਤੇ 87.8 ਲੱਖ ਖ਼ਰਚ ਕੀਤੇ, ਜੋ ਕਿ ਇਕ ਸਾਲ ਪਹਿਲਾਂ 15.37 ਕਰੋੜ ਤੋਂ ਕਾਫ਼ੀ ਘੱਟ ਹੈ। 2024-25 ਦੌਰਾਨ ਕੁੱਲ ਵੰਡ 87.85 ਲੱਖ ਸੀ, ਜੋ ਕਿ ਪਿਛਲੇ ਵਿੱਤੀ ਸਾਲ ਵਿਚ 15.6 ਕਰੋੜ ਸੀ। ਪੀਐਮ ਕੇਅਰਜ਼ ਆਡਿਟ ਰਿਪੋਰਟ ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸਵੈ-ਇੱਛਤ ਘਰੇਲੂ ਦਾਨ 2020-21 ਵਿਚ 7,184 ਕਰੋੜ ਤੱਕ ਪਹੁੰਚ ਗਿਆ, ਜੋ ਕਿ 2021-22 ਵਿਚ ਘੱਟ ਕੇ 1,896 ਕਰੋੜ ਰਹਿ ਗਿਆ ਅਤੇ 2022-23 ਵਿਚ ਹੋਰ ਘੱਟ ਕੇ 909 ਕਰੋੜ ’ਤੇ ਆ ਗਿਆ।

ਰਿਪੋਰਟ ਅਨੁਸਾਰ, ਵਿਦੇਸ਼ੀ ਦਾਨ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਹ 2020-21 ਵਿੱਤੀ ਸਾਲ ਵਿਚ 495 ਕਰੋੜ ਤੱਕ ਸਿਖਰ ’ਤੇ ਪਹੁੰਚ ਗਿਆ ਸੀ, ਪਰ ਅਗਲੇ ਦੋ ਸਾਲਾਂ ਵਿਚ ਕ੍ਰਮਵਾਰ 40 ਕਰੋੜ ਅਤੇ 2.57 ਕਰੋੜ ਤੱਕ ਡਿੱਗ ਗਿਆ। ਵਿਦੇਸ਼ੀ ਯੋਗਦਾਨ ਹੁਣ 92.8 ਲੱਖ ਰੁਪਏ ਹੈ, ਜੋ ਕਿ 2019-20 ਦੇ ਪਹਿਲੇ ਸਾਲ ਵਿਚ ਦਰਜ ਕੀਤੇ ਗਏ 39.7 ਲੱਖ ਤੋਂ ਬਾਅਦ ਦੂਜਾ ਸਭ ਤੋਂ ਘੱਟ ਪੱਧਰ ਹੈ।