ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਹਮਦਰਦੀ ਨਾਲ ਹੱਲ ਕਰੇਗੀ ਪੰਜਾਬ ਸਰਕਾਰ |




ਤਰੁਨਪ੍ਰੀਤ ਸਿੰਘ ਸੌਂਦ ਨੇ ਸਿਵਲ ਹਸਪਤਾਲ ਖੰਨਾ ਪਹੁੰਚ ਕੇ ਜ਼ਖ਼ਮੀ ਮਨਰੇਗਾ ਕਰਮਚਾਰੀ ਸੌਦਾਗਰ ਸਿੰਘ ਦਾ ਹਾਲ-ਚਾਲ ਪੁੱਛਿਆ | 

ਪੰਜਾਬ ਸਰਕਾਰ ਨੇ ਮਨਰੇਗਾ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਕੈਬਨਿਟ ਮੰਤਰੀ ਅਤੇ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸਿਵਲ ਹਸਪਤਾਲ ਖੰਨਾ ਪਹੁੰਚ ਕੇ ਜ਼ਖ਼ਮੀ ਮਨਰੇਗਾ ਕਰਮਚਾਰੀ ਸੌਦਾਗਰ ਸਿੰਘ ਅਤੇ ਡੀਐਸਪੀ ਵਿਨੋਦ ਕੁਮਾਰ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨੂੰ ਦੋਵਾਂ ਦਾ ਮੁਫ਼ਤ ਅਤੇ ਬਿਹਤਰ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਮਨਰੇਗਾ ਕਰਮਚਾਰੀਆਂ ਨਾਲ ਪਿਛਲੇ ਕਰੀਬ 20 ਦਿਨਾਂ ਤੋਂ ਲਗਾਤਾਰ ਗੱਲਬਾਤ ਅਤੇ ਮੀਟਿੰਗਾਂ ਚੱਲ ਰਹੀਆਂ ਹਨ। ਮੌਜੂਦਾ ਸਥਿਤੀ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦੀ ਥਾਂ ਨਵੀਂ ਵਿਵਸਥਾ ਲਾਗੂ ਕਰਨ ਕਾਰਨ ਪੈਦਾ ਹੋਈ ਹੈ। ਮਨਰੇਗਾ ਕਰਮਚਾਰੀਆਂ ਨੇ ਸਾਲਾਂ ਤੱਕ ਇਸ ਯੋਜਨਾ ਅਧੀਨ ਸੇਵਾਵਾਂ ਨਿਭਾਈਆਂ ਹਨ, ਇਸ ਲਈ ਨਵੀਂ ਵਿਵਸਥਾ ਵਿੱਚ ਵੀ ਉਨ੍ਹਾਂ ਨੂੰ ਢੁੱਕਵਾਂ ਮੌਕਾ ਮਿਲਣਾ ਚਾਹੀਦਾ ਹੈ।

ਸਰਕਾਰ ਅਤੇ ਮਨਰੇਗਾ ਕਰਮਚਾਰੀਆਂ ਵਿਚਕਾਰ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਹੈ ਅਤੇ ਪੰਜਾਬ ਸਰਕਾਰ ਸੰਵਾਦ ਰਾਹੀਂ ਹਰ ਮਸਲੇ ਦਾ ਹੱਲ ਚਾਹੁੰਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਅਤੇ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਸਬੰਧੀ ਲਿਖਤੀ ਭਰੋਸਾ ਦੇਣ ਦੇ ਨਿਰਦੇਸ਼ ਵੀ ਦਿੱਤੇ। ਸਰਕਾਰ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਸੰਵਿਧਾਨਕ ਦਾਇਰੇ ਵਿੱਚ ਰਹਿੰਦੇ ਹੋਏ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇਗਾ।

ਯੂਨੀਅਨ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਮੰਤਰੀ ਨੇ ਮੰਗਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਵਿਭਾਗੀ ਅਧਿਕਾਰੀਆਂ ਨੂੰ ਜਾਇਜ਼ ਮੰਗਾਂ ਸਬੰਧੀ ਲਿਖਤੀ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਯੂਨੀਅਨ ਨੂੰ ਭਰੋਸਾ ਹੈ ਕਿ ਗੱਲਬਾਤ ਰਾਹੀਂ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਅਤੇ ਉਹ ਕੈਬਨਿਟ ਮੰਤਰੀ ਵੱਲੋਂ ਦਿੱਤੇ ਭਰੋਸੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹਨ।