ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ |
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਦਾ ਦੌਰ ਜਾਰੀ ਹੈ। ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਵੱਲੋਂ ਜਾਰੀ ਤਾਜ਼ਾ ਪੂਰਵ-ਅਨੁਮਾਨ ਅਨੁਸਾਰ, ਸੋਮਵਾਰ, ਅੱਜ ਅੱਠ ਜ਼ਿਲ੍ਹਿਆਂ ਮੰਡੀ, ਬਿਲਾਸਪੁਰ, ਊਨਾ, ਕਾਂਗੜਾ, ਸਿਰਮੌਰ, ਸ਼ਿਮਲਾ ਅਤੇ ਸੋਲਨ ਦੇ ਕੁਝ ਖਾਸ ਇਲਾਕਿਆਂ ਵਿਚ ਭਾਰੀ ਮੀਂਹ ਅਤੇ ਅਚਾਨਕ ਆਉਣ ਵਾਲੇ ਹੜ੍ਹ (ਫਲੈਸ਼ ਫਲੱਡ) ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਰਾਜ ਵਿੱਚ ਕੁੱਲ 109 ਸੜਕਾਂ ਬੰਦ ਹਨ; ਸਭ ਤੋਂ ਵੱਧ ਸੜਕਾਂ ਮੰਡੀ (43 ਸੜਕਾਂ) ਅਤੇ ਕੁੱਲੂ (33 ਸੜਕਾਂ) ਵਿੱਚ ਬੰਦ ਹਨ ਅਤੇ ਇਨ੍ਹਾਂ ਨੂੰ ਦੁਬਾਰਾ ਖੋਲ੍ਹਣ ਦੇ ਯਤਨ ਜਾਰੀ ਹਨ। ਇਸ ਤੋਂ ਇਲਾਵਾ, ਪੀਣ ਵਾਲੇ ਪਾਣੀ ਦੀਆਂ 216 ਯੋਜਨਾਵਾਂ ਜਿਨ੍ਹਾਂ ਵਿੱਚ ਮੰਡੀ ਦੀਆਂ 209 ਯੋਜਨਾਵਾਂ ਸ਼ਾਮਲ ਹਨ ਬੰਦ ਪਈਆਂ ਹਨ, ਜਿਸ ਨਾਲ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਅਤੇ ਸੱਤ ਟ੍ਰਾਂਸਫਾਰਮਰ ਵੀ ਪ੍ਰਭਾਵਿਤ ਹੋਏ ਹਨ।
ਅੱਜ ਸਵੇਰੇ ਸੂਬੇ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ। ਧਰਮਸ਼ਾਲਾ ਵਿਚ 30 ਮਿਲੀਮੀਟਰ ਮੀਂਹ ਪਿਆ, ਜਦਕਿ ਪਿਛਲੇ 24 ਘੰਟਿਆਂ ਦੌਰਾਨ ਧਰਮਸ਼ਾਲਾ ਅਤੇ ਪਾਲਮਪੁਰ ਵਿਚ ਕ੍ਰਮਵਾਰ 112.6 ਮਿਲੀਮੀਟਰ ਅਤੇ 55 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦਿਨ ਦੇ ਤਾਪਮਾਨ ਵਿਚ ਇਕ ਤੋਂ ਤਿੰਨ ਡਿਗਰੀ ਦਾ ਅੰਤਰ ਦੇਖਿਆ ਗਿਆ ਹੈ।
ਰਾਜ ਵਿੱਚ 30 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 937.15 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ; ਇਸ ਵਿੱਚੋਂ ਲੋਕ ਨਿਰਮਾਣ ਵਿਭਾਗ ਨੂੰ ਅੰਦਾਜ਼ਨ 733.95 ਕਰੋੜ ਰੁਪਏ ਅਤੇ ਜਲ ਸ਼ਕਤੀ ਵਿਭਾਗ ਨੂੰ 216.40 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।