'ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ'
ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਜ਼ਾਦੀ ਦਾ ਅਸਲ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਨਾਗਰਿਕ ਆਪਣੀਆਂ ਆਸਾਂ-ਉਮੀਦਾਂ ਨੂੰ ਪੂਰਾ ਕਰਨ ਲਈ ਮੌਕਿਆਂ ਦੀ ਵਰਤੋਂ ਕਰ ਸਕਣ ਅਤੇ ਭਾਰਤ ਨੂੰ ਵਿਸ਼ਵ ਦਾ ਮੋਹਰੀ ਦੇਸ਼ ਬਣਾਉਣ ਦੇ ਟੀਚੇ ਵੱਲ ਕੰਮ ਕਰ ਸਕਣ। ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਤਿਰੰਗਾ "ਸਾਡੀ ਆਜ਼ਾਦੀ ਦਾ ਪ੍ਰਤੀਕ" ਹੈ। ਉਨ੍ਹਾਂ ਕਿਹਾ, "ਸਾਡੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ, ਮੈਂ ਇਸ ਰਾਸ਼ਟਰੀ ਤਿਉਹਾਰ ਲਈ ਤੁਹਾਡੇ ਸਾਰਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੰਦੀ ਹਾਂ। ਹੁਣ ਤੋਂ ਕੁਝ ਹੀ ਘੰਟਿਆਂ ਵਿੱਚ, ਸਾਡਾ ਦੇਸ਼ ਆਪਣੀ ਆਜ਼ਾਦੀ ਦੇ 80ਵੇਂ ਵਰ੍ਹੇ ਦੀ ਸ਼ੁਭ ਸ਼ੁਰੂਆਤ ਦਾ ਗਵਾਹ ਬਣੇਗਾ। ਦੇਸ਼-ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਇਸ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਸਾਡਾ ਤਿਰੰਗਾ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ। ਅਸੀਂ ਇਸ ਨੂੰ ਬਹੁਤ ਮਾਣ ਨਾਲ ਲਹਿਰਾਉਂਦੇ ਹਾਂ।"
"15 ਅਗਸਤ 1947 ਨੂੰ ਭਾਰਤ ਮਾਤਾ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਈ ਸੀ। ਹਰ ਨਾਗਰਿਕ ਆਜ਼ਾਦ ਭਾਰਤ ਦੀ ਤਕਦੀਰ ਦਾ ਨਿਰਮਾਤਾ ਬਣਿਆ। ਆਜ਼ਾਦੀ ਦਾ ਅਸਲ ਅਰਥ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਨਾਗਰਿਕ ਆਪਣੀਆਂ ਆਸਾਂ-ਉਮੀਦਾਂ ਨੂੰ ਪੂਰਾ ਕਰਨ ਲਈ ਮੌਕਿਆਂ ਦੀ ਵਰਤੋਂ ਕਰਨ ਦੇ ਯੋਗ ਹੋਣ, ਅਤੇ ਭਾਰਤ ਨੂੰ ਵਿਸ਼ਵ ਵਿੱਚ ਮੋਹਰੀ ਰਾਸ਼ਟਰ ਬਣਾਉਣ ਦੇ ਟੀਚੇ ਵੱਲ ਕੰਮ ਕਰਨ," ਉਨ੍ਹਾਂ ਅੱਗੇ ਕਿਹਾ। ਰਾਸ਼ਟਰਪਤੀ ਨੇ ਕਿਹਾ ਕਿ ਸਮਰਪਿਤ ਵਿਦਿਆਰਥੀ ਅਤੇ ਅਧਿਆਪਕ, ਵਿਕਾਸ ਲਈ ਵਚਨਬੱਧ ਵਿਗਿਆਨੀ ਅਤੇ ਇੰਜੀਨੀਅਰ, ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾਕਟਰ ਅਤੇ ਸਿਹਤ ਸੰਭਾਲ ਕਰਮਚਾਰੀ, ਮਿਹਨਤੀ ਮਜ਼ਦੂਰ ਅਤੇ "ਸਾਡੇ ਅੰਨਦਾਤਾ ਕਿਸਾਨ" ਆਪਣੇ ਯਤਨਾਂ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਤਿਭਾਸ਼ਾਲੀ ਖਿਡਾਰੀ, ਸ਼ਿਲਪਕਾਰ ਅਤੇ ਕਲਾਕਾਰ, ਦੂਰਦਰਸ਼ੀ ਬੁੱਧੀਜੀਵੀ, ਨਿੱਜੀ ਅਤੇ ਸਰਕਾਰੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਿਹਨਤੀ ਕਰਮਚਾਰੀ, ਜਨ ਪ੍ਰਤੀਨਿਧ, ਨਿਆਂਪਾਲਿਕਾ ਦੇ ਅਧਿਕਾਰੀ, ਫਰਜ਼ਸ਼ਨਾਸ ਸਿਵਲ ਸੇਵਕ, ਵੱਡੇ ਅਤੇ ਛੋਟੇ ਨਿਵੇਸ਼ਕ, ਨਿਸ਼ਕਾਮ ਸਮਾਜ ਸੇਵੀ, ਅਤੇ ਸਾਰੇ ਸਫਾਈ ਮਿੱਤਰ ਦੇਸ਼ ਦੀ ਪ੍ਰਗਤੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। "ਵੱਖ-ਵੱਖ ਹੋਰ ਗਤੀਵਿਧੀਆਂ ਵਿੱਚ ਲੱਗੇ ਅਣਗਿਣਤ ਨਾਗਰਿਕ, ਅਤੇ ਹਰ ਇੱਕ ਨਾਗਰਿਕ ਜੋ ਸਾਡੇ ਸੰਵਿਧਾਨ ਵਿੱਚ ਦਰਜ ਮੌਲਿਕ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਉਂਦਾ ਹੈ, ਸਾਡੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਸਰਗਰਮ ਭਾਈਵਾਲ ਹਨ। ਮੈਂ ਉਨ੍ਹਾਂ ਵਿੱਚੋਂ ਹਰ ਇੱਕ ਦੀ ਤਹਿ ਦਿਲੋਂ ਸ਼ਲਾਘਾ ਕਰਦੀ ਹਾਂ," ਉਨ੍ਹਾਂ ਕਿਹਾ।
ਰਾਸ਼ਟਰਪਤੀ ਨੇ ਤਿੰਨਾਂ ਹਥਿਆਰਬੰਦ ਸੈਨਾਵਾਂ, ਹਥਿਆਰਬੰਦ ਪੁਲਿਸ ਬਲਾਂ, ਅਤੇ ਸਾਰੇ ਪੁਲਿਸ ਕਰਮਚਾਰੀਆਂ ਦੀ ਡਿਊਟੀ ਪ੍ਰਤੀ ਅਟੁੱਟ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤੀ ਡਾਇਸਪੋਰਾ (ਪ੍ਰਵਾਸੀ ਭਾਰਤੀਆਂ) ਅਤੇ ਦੇਸ਼ ਦੇ ਦੂਤਾਵਾਸਾਂ ਵਿੱਚ ਸੇਵਾ ਨਿਭਾ ਰਹੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ ਜੋ ਵਿਸ਼ਵ ਪੱਧਰ 'ਤੇ ਭਾਰਤ ਦਾ ਮਾਣ ਅਤੇ ਵੱਕਾਰ ਵਧਾਉਂਦੇ ਹਨ।