ਅਫ਼ਸੋਸ, ਉਸ ਵਕਤ ਬਲੀਆਂ ਨਫ਼ਰਤ ਦੀਆਂ ਭੱਠੀਆਂ, ਇਨ੍ਹਾਂ ਹਾਕਮਾਂ ਨੇ ਅਜੇ ਤਕ ਜਿਉਂ ਦੀਆਂ ਤਿਉਂ |
Brotherhood was taken away in the name of freedom: ਇਕ ਮੁਲਕ ਟੁੱਟ ਜਾਣ ਦੀ ਨਿਖਿੱਧ ਕਿਰਿਆ ਨੂੰ 1947 ਤੋਂ ਹੀ ਦੋ ਮੁਲਕ ਆਜ਼ਾਦੀ ਆਖ ਕੇ ਜਸ਼ਨ ਮਨਾ ਰਹੇ ਹਨ। ਕਿਹੜੀ ਆਜ਼ਾਦੀ? ਕੀ ਇਸ ਤਰ੍ਹਾਂ ਦੀ ਆਜ਼ਾਦੀ ਲਈ ਦੇਸ਼ ਭਗਤਾਂ ਨੇ ਕੁਰਬਾਨੀਆਂ ਕੀਤੀਆਂ ਸਨ? ਕੀ ਭਗਤ ਸਿੰਘ, ਸਰਾਭਾ, ਊਧਮ ਸਿੰਘ ਤੇ ਹੋਰ ਸ਼ਹੀਦ ਇਸ ਆਜ਼ਾਦੀ ਲਈ ਸ਼ਹੀਦ ਹੋਏ ਸਨ? ਕੀ ਗ਼ਦਰੀ ਬਾਬਿਆਂ ਨੇ ਇਸ ਆਜ਼ਾਦੀ ਲਈ ਲੜਾਈ ਲੜੀ ਸੀ? ਕੀ ਬੱਬਰ ਅਕਾਲੀ ਲਹਿਰ ਇਸ ਤਰ੍ਹਾਂ ਦੀ ਆਜ਼ਾਦੀ ਲਈ ਚੱਲੀ ਸੀ? ਕੀ ਗਾਂਧੀ ਤੇ ਜਿਨਾਹ ਨੇ ਇਸ ਆਜ਼ਾਦੀ ਦੇ ਨਾਂ ਸੰਘਰਸ਼ ਕੀਤੇ ਸਨ? ਕੀ ਸਿੱਖ ਗੁਰਦੁਆਰਾ ਪ੍ਰਬੰਧ ਆਜ਼ਾਦ ਹੋਣ ’ਤੇ ਨਹਿਰੂ ਤੇ ਗਾਂਧੀ ਨੇ ਅੱਧੀ ਆਜ਼ਾਦੀ ਦੀ ਲੜਾਈ ਜਿੱਤ ਲੈਣ ਦੀ ਗੱਲ ਇਸ ਤਰ੍ਹਾਂ ਦੀ ਆਜ਼ਾਦੀ ਲਈ ਕੀਤੀ ਸੀ? ਸ਼ਹੀਦ ਹੋਣ ਵਾਲੇ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦੀਆਂ ਉਨ੍ਹਾਂ ਰੂਹਾਂ ਨੂੰ ਪੁੱਛ ਕੇ ਕੋਈ ਕਹਿ ਸਕਦਾ ਹੈ ਕਿ ਇਸ ਤਰ੍ਹਾਂ ਦੀ ਆਜ਼ਾਦੀ ਲਈ ਉਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸਨ? ਜੇ ਇਸ ਤਰ੍ਹਾਂ ਦੀ ਆਜ਼ਾਦੀ ਲਈ ਹੀ ਲੜਾਈ ਲੜੀ ਸੀ ਤਾਂ ਗਾਂਧੀ ਜੀ ਨੇ ਕਿਉਂ ਕਿਹਾ ਸੀ ਕਿ ਦੇਸ਼ ਦੇ ਟੋਟੇ ਮੇਰੀ ਲਾਸ਼ ’ਤੇ ਹੋਣਗੇ।
ਕਾਹਦੇ ਜਸ਼ਨ ਦੋਵੇਂ ਪਾਸੇ ਮਨਾਏ ਜਾਂਦੇ ਹਨ? ਸੱਤਾ ਸੁੱਖ ਭੋਗਣ ਵਾਲੇ ਕੀ ਜਾਨਣ ਆਜ਼ਾਦੀ ਲਈ ਕੀਮਤ ਕਿੰਨੀਂ ਤਾਰੀ ਹੈ, ਭਾਰਤ ਦੇ ਜਾਇਆਂ ਨੇ। ਦੋਵੇਂ ਪਾਸੇ ਸੱਤਾ ਦੇ ਸਿੰਘਾਸਣ ਦੇਸ਼ ਭਗਤਾਂ ਦੀਆਂ ਲਾਸ਼ਾਂ ’ਤੇ ਹਨ। ਜੋ ਇਸ ਅਖੌਤੀ ਆਜ਼ਾਦੀ ਦੇ ਨਾਂ ਹੇਠ ਬਾਲੀ ਗਈ ਨਫ਼ਰਤ ਦੀ ਅੱਗ ’ਚ ਸਾੜੇ ਮਾਰੇ ਗਏ ਹਨ ਕੌਣ ਪੁੱਛੇਗਾ ਉਨ੍ਹਾਂ ਦੀਆਂ ਰੋਂਦੀਆਂ ਕੁਰਲਾਉਂਦੀਆਂ ਆਤਮਾਵਾਂ ਪਾਸੋਂ ਕਿ ਤੁਹਾਡੇ ਨਾਲ ਕੀ ਬੀਤਿਆ। ਤੁਹਾਨੂੰ ਮਾਰਨ ਵਾਲੇ ਕੌਣ। ਕਿਨਾਂ ਨੂੰ ਦੋਸ਼ੀ ਕਹੋਗੇ? ਉਹ ਕੁਰਲਾ ਕੁਰਲਾ ਕੇ ਕਹਿਣਗੀਆਂ ਸਾਡੇ ਕਾਤਲ ਦੋਵੇਂ ਪਾਸੇ ਸੱਤਾ ਦੀਆਂ ਕੁਰਸੀਆਂ ’ਤੇ ਬੈਠ ਕੇ ਮਾਤਮ ਦੀ ਥਾਂ ਜਸ਼ਨ ਮਨਾਉਣ ਵਾਲੇ ਹਨ। ਕੀ ਦਿਤਾ ਹੈ, ਅਪਣੇ ਵਤਨ ਦੇ ਲੋਕਾਂ ਨੂੰ ਸ਼ਹੀਦਾਂ ਨਾਲ ਧੋਖਾ ਕਰਨ ਵਾਲੇ ਦੋਵਾਂ ਦੇਸ਼ਾਂ ਦੇ ਸੱਤਾਧਾਰੀਆਂ ਨੇ। ਦੋਵਾਂ ਦੇਸ਼ਾਂ ਦੇ ਸੱਤਾਧਾਰੀਆਂ ਵਿਚ ਹਿੰਮਤ ਨਹੀਂ ਹੈ ਉਨ੍ਹਾਂ ਸ਼ਹੀਦਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਸਕਣ। ਨਾ ਉਨ੍ਹਾਂ ਲੱਖਾਂ ਸ਼ਹੀਦਾਂ ਦੀਆਂ ਅੱਖਾਂ ’ਚ ਅੱਖਾਂ ਪਾ ਸਕਦੇ ਹਨ ਜਿਨ੍ਹਾਂ ਨੂੰ ਆਜ਼ਾਦੀ ਨਾਂ ਨਫ਼ਰਤ ਦੇ ਕੋਝੇ ਕਾਰੇ ਵਰਤਾ ਕੇ ਸ਼ਹੀਦ ਕੀਤਾ ਹੈ। ਨਾ ਹੀ ਉਨ੍ਹਾਂ ਦੇ ਪ੍ਰਵਾਰਾਂ ਨੂੰ ਇਹ ਸੱਤਾਧਾਰੀ ਜਵਾਬ ਦੇ ਸਕਦੇ ਹਨ ਜਿਨ੍ਹਾਂ ਨੂੰ ਦੋਵੇਂ ਪਾਸੇ ਨਫ਼ਰਤ ਦੀਆਂ ਭੱਠੀਆਂ ਤਾਅ ਕੇ ਅਪਣਿਆਂ ਹੱਥੋਂ ਮਰਵਾਇਆ ਹੈ। ਕਿੰਨਾ ਅਫ਼ਸੋਸ ਹੈ ਦੋਵੇਂ ਪਾਸੇ ਆਜ਼ਾਦੀ ਦੇ ਨਾਂ ਨਫ਼ਰਤ ਦੀਆਂ ਲਾਟਾਂ ਵਿਚ ਸੜਨ ਬਲਣ ਵਾਲਿਆਂ ਲਈ ਲੋਕ ਸਭਾਵਾਂ ਵਿਚ ਅੱਜ ਤਕ ਚੱਜ ਨਾਲ ਅਫ਼ਸੋਸ ਦੇ ਚਾਰ ਸ਼ਬਦ ਨਹੀਂ ਕਹਿ ਪਾਏ, ਇਹ ਸੱਤਾ ਦੇ ਕੂੜੇ ਵਾਰਸ।
ਕਦੇ ਪੁਰਾਣੇ ਬਜ਼ੁਰਗਾਂ ਪਾਸ ਬੈਠ ਕੇ ਜਾਣਨ ਦੀ ਦੋਵਾਂ ਪਾਸਿਆਂ ਦੇ ਹਾਕਮ ਕੋਸ਼ਿਸ਼ ਨਹੀਂ ਕਰਦੇ ਕਿ ਇਸ ਅਖੌਤੀ ਵੰਡ ਤੋਂ ਪਹਿਲਾਂ ਦੇ ਭਾਈਚਾਰਿਆਂ ਦੀ ਸਾਂਝ ਸੀ। ਉਹ ਇਨ੍ਹਾਂ 80 ਸਾਲਾਂ ’ਚ ਦੋਵਾਂ ਵਤਨਾਂ ਦੇ ਹਾਕਮ ਜੋ ਹਰ ਸਾਲ ਆਜ਼ਾਦੀ ਦੇ ਨਾਂ ਤੇ ਬਾਹਾਂ ਟੰਗ ਟੰਗ ਕੇ ਭਾਸ਼ਣ ਦੇਂਦੇ ਆ ਰਹੇ ਹਨ, ਦੱਸ ਸਕਦੇ ਹਨ ਕਿ ਮੁੜ ਭਾਈਚਾਰਕ ਸਾਂਝ ਉਸ ਵਕਤ ਨਾਲੋਂ ਬਿਹਤਰ ਪੈਦਾ ਕਰ ਦਿਤੀ ਹੈ। ਬਹੁਤ ਅਫ਼ਸੋਸ ਕਿ ਉਸ ਵਕਤ ਬਲੀਆਂ ਨਫ਼ਰਤ ਦੀਆਂ ਭੱਠੀਆਂ ਇਨ੍ਹਾਂ ਹਾਕਮਾਂ ਨੇ ਅਜੇ ਤਕ ਜਿਉਂ ਦੀਆਂ ਤਿਉਂ ਬਲਦੀਆਂ ਰਖੀਆਂ ਹੋਈਆਂ ਹਨ। ਸਗੋਂ ਉਸ ਵਕਤ ਨਾਲੋਂ ਵੀ ਭਿਅੰਕਰ ਹਾਲਾਤ ਹਨ ਦੋਵਾਂ ਮੁਲਕਾਂ ਅੰਦਰ। ਸਮਝ ਨਹੀਂ ਆਉਂਦੀ ਕਿ ਦੋਵੇਂ ਹੀ ਮੁਲਕਾਂ ਦੇ ਹਾਕਮਾਂ ਨੂੰ ਕਿਹੜੀ ਗੱਲ ਦਾ ਹੰਕਾਰ ਹੈ, ਸ਼ਰਮ ਨਾਲ ਡੁੱਬ ਮਰਨ ਦੀ ਥਾਂ ਅੱਜ ਵੀ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਹਨ। ਦੋਵਾਂ ਵਤਨਾਂ ਅੰਦਰ ਲੋਕ ਇਨ੍ਹਾਂ ਦੀਆਂ ਕੂੜੀਆਂ ਨੀਤੀਆਂ ਤੇ ਤ੍ਰਾਹ ਤ੍ਰਾਹ ਕਰ ਰਹੇ ਹਨ। ਅਸੀਂ ਅੰਗਰੇਜ਼ਾਂ ਦੇ ਜ਼ੁਲਮ ਨੂੰ ਰੋਂਦੇ ਸੀ, ਇਨ੍ਹਾਂ ਨੂੰ ਕੀ ਆਖੀਏ।
ਭਾਰਤ, ਜਿਸ ਨੂੰ ਅਪਣਾ ਆਖਣ ਦਾ ਮਾਣ ਹੈ ਜ਼ਿੰਦਗੀ ਦੇ ਆਦਿ ਤੋਂ ਅੱਜ ਤਕ ਕਈ ਹਕੂਮਤਾਂ ਆਉਂਦੀਆਂ ਜਾਂਦੀਆਂ ਵੇਖੀਆਂ ਹਨ। ਬਚਪਨ ਵਿਚ ਪਿੰਡ ਦੇ ਮਾਹੌਲ ਤੇ ਅੱਗੇ ਚਲਦੇ ਬਦਲਦੇ ਮਾਹੌਲ ਨੂੰ ਵੇਖਦਿਆਂ ਵੇਖਦਿਆਂ ਬੁਢਾਪਾ ਵਿਰਾਸਤ ਬਣ ਚੁੱਕਾ ਹੈ। ਜਦੋਂ ਕਦੇ ਸੁਧਾਰ ਨੂੰ ਮਨੁੱਖ ਜ਼ਿੰਦਗੀ ਵਿਚ ਵੇਖਣ ਦੀ ਕੋਸ਼ਿਸ਼ ਕਰੀਏ ਤਾਂ ਗਵਾਚਿਆ ਵਧੇਰੇ ਦਿਖਾਈ ਦੇਣ ਲਗਦਾ ਹੈ। ਪ੍ਰਾਪਤੀ ਦੇ ਖ਼ਾਤੇ ਦਾ ਪਲੜਾ ਆਕਾਸ਼ ਵਲ ਝੁਕਿਆ ਦਿਖਾਈ ਦੇਣ ਲਗਦਾ ਹੈ। ਆਮ ਆਦਮੀ ਨੂੰ ਕਿਹੜੀ ਆਜ਼ਾਦੀ ਮਿਲੀ ਜਿਸ ’ਤੇ ਮਾਣ ਕਰੇ। ਜਿਸ ਨੇ ਕਮਾ ਕੇ ਖਾਣਾ ਹੈ, ਦੋ ਡੰਗ ਦਾ। ਉਹ ਅੱਜ ਪਹਿਲਾਂ ਨਾਲੋਂ ਵੀ ਤੰਗੀ ਤੁਰਸ਼ੀ ਦੀ ਜ਼ਿੰਦਗੀ ਜੀ ਰਿਹਾ ਹੈ।
ਸਭ ਤੋਂ ਕੀਮਤੀ ਸਰਮਾਇਆ ਇਸ ਅਖੌਤੀ ਆਜ਼ਾਦੀ ਨੇ ਆਮ ਜਨ-ਸਾਧਾਰਣ ਮਨੁੱਖ ਪਾਸੋਂ ਜੋ ਖੋਹ ਲਿਆ, ਉਹ ਹੈ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਸਦਭਾਵਨਾ। ਬਚਪਨ ਵਿਚ ਪਿੰਡ ਵਿਚ ਸਾਰੇ ਭਾਈਚਾਰੇ ਘੁਲਮਿਲ ਰਹਿੰਦੇ ਸਨ। ਨਸ਼ਾ ਬੇਰੁਜ਼ਗਾਰੀ ਅੱਜ ਨਾਲੋਂ ਹਜ਼ਾਰਾਂ ਗੁਣਾਂ ਘੱਟ ਸੀ। ਆਮ ਆਦਮੀ ਪਾਸੋਂ ਤਾਂ ਕਿਰਤ ਹੀ ਖੋਹ ਲਈ। ਗ਼ਰੀਬੀ ਦੀ ਲੀਕ ਪਹਿਲਾਂ ਨਾਲੋਂ ਡੂੰਘੀ ਹੋ ਗਈ ਹੈ। ਵਿਦਿਆ ਦੀ ਬਰਾਬਰੀ ਖ਼ਤਮ ਹੋ ਗਈ ਹੈ। ਤਿੰਨ-ਚਾਰ ਹਿੱਸਿਆਂ ’ਚ ਸਮਾਜ ਵੰਡਿਆ ਦਿਖਾਈ ਦੇ ਰਿਹਾ ਹੈ। ਇਕ ਅਤਿ ਗ਼ਰੀਬ, ਇਕ ਉਸ ਤੋਂ ਉਪਰ, ਇਕ ਉਸ ਤੋਂ ਕੁਝ ਉਪਰ ਤੇ ਇਕ ਹੋਰ ਉਪਰ। ਇਹ ਹੈ ਆਜ਼ਾਦੀ ਦੀ ਘਨੌਣੀ ਦੇਣ। ਦੇਸ਼ ਪੱਧਰ ਤੇ ਜਦੋਂ ਝਾਤ ਮਾਰੀਦੀ ਹੈ ਤਾਂ ਖ਼ੌਫ਼ ਆਉਂਦਾ ਹੈ। ਨਫ਼ਰਤ ਦੀ ਭੱਠੀ ਏਨੀ ਮਘਾ ਦਿਤੀ ਗਈ ਹੈ ਕਿ ਪਤਾ ਨਹੀਂ ਇਸ ਦੇ ਸੇਕ ਵਿਚ ਕਿਸ ਨੇ ਤੇ ਕਦੋਂ ਸੜ ਜਾਣਾ ਹੈ।
ਜੇਕਰ ਸਿਆਸਤ ਵਲ ਵੇਖੀਏ ਤਾਂ ਪਿੰਡਾਂ ’ਚ ਸਰਬ-ਸੰਮਤੀ ਨਾਲ ਪੰਚ ਸਰਪੰਚ ਚੁਣੇ ਜਾਣ ਵਾਲੀ ਮਹਾਨਤਾ ਬੁਰੀ ਤਰ੍ਹਾਂ ਲੀਰੋ-ਲੀਰ ਹੈ। ਉਸ ਮੌਕੇ ਕੋਈ ਲੱਖਾਂ ਰੁਪਏ ਸਰਬਸੰਮਤੀ ਲਈ ਨਹੀਂ ਸੀ ਦੇਂਦਾ। ਪਿੰਡਾਂ ਦੇ ਮਸਲੇ ਪੰਚਾਇਤ ਹੱਲ ਕਰਦੀ ਸੀ। ਹੁਣ ਤਾਂ ਪਿੰਡ ਦੇ ਸਰਪੰਚ ਹੀ ਨਹੀਂ ਰਹੇ, ਸਭ ਸਿਆਸੀ ਧੜਿਆਂ ਦੇ ਪਿੱਠੂ ਹੋਣ ਲੱਗੇ ਹਨ। ਮਸਲੇ ਹੱਲ ਕੌਣ ਕਰੂ। ਪੁਲਿਸ ਹਊਆ ਬਣ ਕੇ ਵਿਚਰਨ ਲੱਗੀ ਹੈ। ਇਨਸਾਨੀ ਹਮਦਰਦੀ ਪਤਾ ਨਹੀਂ ਕਿੱਥੇ ਚਲੀ ਗਈ ਹੈ। ਇਮਾਨਦਾਰੀ ਨੂੰ ਲੱਭਣ ਲਈ ਅੱਖਾਂ ਤਰਸ ਰਹੀਆਂ ਹਨ। ਇਹ ਮੇਰੇ ਦੇਸ਼ ਦੀ ਤਸਵੀਰ ਹੈ ਪੰਜਾਬ ਸੂਬੇ ਦੀ। ਬਾਕੀ ਵੀ ਤੇ ਇਸ ਤਰ੍ਹਾਂ ਦੇ ਹੋਣਗੇ ਇਹ ਤੇ ਦਾਲ ’ਚੋਂ ਟੋਹਿਆ ਦਾਣਾ ਦੱਸ ਹੀ ਦੇਂਦਾ ਹੈ। ਕਿਸੇ ਸਮੇਂ ਸਿਆਸੀ ਆਗੂ, ਲੋਕਾਂ ਦਾ ਹੁੰਦਾ ਸੀ। ਲੋਕ ਪੈਸੇ ਦੇਂਦੇ ਸਨ, ਚੋਣ ਲਈ। ਹੁਣ ਤੇ ਪਾਪਾਂ ਦੀ ਕਮਾਈ ਵਾਲੀਆਂ ਤਿਜੌਰੀਆਂ ਵਾਲੇ ਚੰਦ ਲੋਕ ਸਰਕਾਰਾਂ ਚੁਣਦੇ, ਚਲਾਉਂਦੇ ਹੋਣ ਦੀ ਚਰਚਾ ਆਮ ਹੋਣ ਲੱਗੀ ਹੈ। ਆਮ ਦੇਸ਼ ਵਾਸੀ ਤਾਂ ਲੋਕਤੰਤਰ ਦੇ ਨਾਂ ਹੇਠ ਵੀ ਤਾਨਾਸ਼ਾਹੀ ਹਕੂਮਤ ਦੇ ਵਾਰਤਾਰਿਆਂ ਵਾਲੇ ਮਾਹੌਲ ਨੂੰ ਵੇਖ ਕੇ ਦਹਿਸ਼ਤ ਵਿਚ ਹਨ। ਪਤਾ ਨਹੀਂ ਕਿਸ ਦਾ ਘਰ, ਦੁਕਾਨ ਤਾਨਾਸ਼ਾਹੀ ਬੁਲਡੋਜ਼ਰਾਂ ਨਾਲ ਸਪੁਰਦਿ ਖ਼ਾਕ ਹੋ ਸਕਦਾ ਹੈ। ਸਰਹੱਦ ਪਾਰ ਵਾਲੇ ਮੁਲਕ ਤੋਂ ਵੀ ਬਹੁਤੀ ਠੰਢੀ ਹਵਾ ਦੇ ਬੁੱਲੇ ਨਹੀਂ ਆ ਰਹੇ। ਉਥੇ ਵੀ ਅਮੀਰੀ-ਗ਼ਰੀਬੀ ਦੀ ਖਾਈ ਏਧਰ ਵਾਂਗ ਹੀ ਬਹੁਤ ਡੂੰਘੀ ਹੈ। ਆਪਸੀ ਸਾਂਝ ਦੀ ਥਾਂ ਵੈਰ-ਵਿਰੋਧ ਦੀ ਚਰਚਾ ਆਮ ਹੈ। ਦੋਵੇਂ ਹੀ ਅਸ਼ਾਂਤ ਹਨ। ਕੀ ਹੈ ਆਜ਼ਾਦੀ ਦੇ ਨਾਂ ਤੇ ਅੱਜ ਸਾਡੇ ਕੋਲ। ਕਾਹਦੇ ਇਹ ਸਾਡੇ ਜਸ਼ਨ ਤੇ ਨਾਹਰੇ। ਝੰਡਿਆਂ ਦੇ ਵਖਰੇਵੇਂ ਹਨ ਤੇ ਕੱੁਝ ਖ਼ਾਸ ਕਿਸਮ ਦੇ ਲੋਕਾਂ ਦੇ ਹੱਥ ਹਕੂਮਤ ਦੀਆਂ ਚਾਬੀਆਂ ਦੇਵੇਂ ਪਾਸੀਂ। ਆਮ ਮਨੁੱਖ ਦੀ ਪ੍ਰਵਾਹ ਕਿੱਥੇ ਹੈ। ਕਿਹੜੀ ਆਜ਼ਾਦੀ ਦਾ ਜਸ਼ਨ ਆਮ ਬੰਦਾ ਮਨਾਵੇ ਸਮਝ ਆਉਣੋਂ ਬੰਦ ਹੋ ਰਿਹਾ ਹੈ।
ਇਹ ਵਿਚਾਰ ਉਸ ਪੀੜ ਦੀ ਤਸਵੀਰ ਹਨ, ਇਸ ਨੂੰ ਸਿਆਸਤਦਾਨਾਂ ਨੇ ਪਹਿਲੇ ਦਿਨੋਂ ਹੀ ਮਹਿਸੂਸ ਕਰਨਾ ਛਡਿਆ ਹੋਇਆ ਹੈ। ਦੋਵੇਂ ਪਾਸੇ ਉੱਜੜ ਕੇ ਆਏ ਅੱਜ ਵੀ ਰਫਿਊਜੀ ਹਨ। ਪੀੜ੍ਹੀਆਂ ਬਦਲ ਗਈਆਂ ਮਗਰ ਇਹ ਸ਼ਬਦ ਉਨ੍ਹਾਂ ਤੋਂ ਵੱਖ ਨਹੀਂ ਹੋ ਸਕਿਆ। ਇੰਤਜ਼ਾਰ ਕਰਦਿਆਂ ਕਈਆਂ ਦੇ ਸਾਹ ਮੁੱਕ ਗਏ ਕਿ ਸ਼ਾਇਦ ਸਾਡੀਆਂ ਸਰਕਾਰਾਂ ਕਦੇ ਆਜ਼ਾਦੀ ਦੇ ਕੀਤੇ ਕਤਲੇਆਮ ਨੂੰ ਆਜ਼ਾਦੀ ਦੇ ਖਾਤੇ ਪਾ ਕੇ, ਦੇਸ਼ਾਂ ਦੀਆਂ ਲੋਕ ਸਭਾਵਾਂ ਵਿਚ ਅਫ਼ਸੋਸ ਦੇ ਚਾਰ ਅੱਖਰ ਸਤਿਕਾਰ ਸਹਿਤ ਕਹਿਣਗੀਆਂ। ਵਿਛੜੀਆਂ ਰੂਹਾਂ ਨੂੰ ਬਹਿਸ਼ਤ ਜਾਂ ਸਵਰਗ ’ਚ ਚੈਨ ਮਿਲੇਗਾ। ਦੇਰ ਨਾਲ ਹੀ ਸਹੀ ਸਾਨੂੰ ਕਿਸੇ ਸਤਿਕਾਰ ਦੇ ਖ਼ਾਤੇ ਪਾਉਣਾ ਸਵੀਕਾਰ ਕਰ ਲਿਆ ਹੈ। ਰਹੀ ਗੱਲ ਹਕੂਮਤਾਂ ਦੀ, ਉਹ ਲੋਕ-ਪੱਖੀ ਹੋ ਕੇ, ਲੋਕਾਂ ਲਈ ਸਾਫ਼ ਸੁਥਰਾ ਰਾਜ ਪ੍ਰਬੰਧ ਦੇਣ। ਇਸ ਤੋਂ ਲੋਕ ਚੇਤਨਾ ਦੇ ਵੱਡੇ ਉਪਰਾਲੇ ਭਾਵੇਂ ਧਿਆਨ ਮੋੜ ਸਕਣ, ਯਤਨ ਕਰਦੇ ਰਹਿਣਾ ਜ਼ਰੂਰੀ ਹੈ।