ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿਚ ਭਾਰਤੀ ਹਵਾਬਾਜ਼ੀ ਕੰਪਨੀਆਂ ਦੀਆਂ ਤਰੁੱਟੀਆਂ ਗੰਭੀਰ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ |
ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿਚ ਭਾਰਤੀ ਹਵਾਬਾਜ਼ੀ ਕੰਪਨੀਆਂ ਦੀਆਂ ਤਰੁੱਟੀਆਂ ਗੰਭੀਰ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਇਸ ਵੇਲੇ ਇਕ ਵੀ ਕੰਪਨੀ ਅਜਿਹੀ ਨਹੀਂ ਜਿਸ ਦਾ ਪੇਸ਼ੇਵਾਰਾਨਾ ਪੈਮਾਨਿਆਂ ਪੱਖੋਂ ਰਿਕਾਰਡ ਬਿਹਤਰੀਨ ਕਿਹਾ ਜਾ ਸਕੇ। ਇਕ ਦਹਾਕਾ ਪਹਿਲਾਂ ਛੇ ਪ੍ਰਮੁਖ ਕੰਪਨੀਆਂ ਭਾਰਤੀ ਹਵਾਬਾਜ਼ੀ ਖੇਤਰ ਵਿਚ ਸਰਗਰਮ ਸਨ। ਹੁਣ ਆਪਸੀ ਮੁਕਾਬਲਾ ਸਿਰਫ਼ ਇੰਡੀਗੋ ਤੇ ਏਅਰ ਇੰਡੀਆ ਦਰਮਿਆਨ ਸੀਮਤ ਰਹਿ ਗਿਆ ਹੈ। ਸਪਾਈਸਜੈੱਟ ਜਾਂ ਅਕਾਸਾ ਏਅਰ ਵਰਗੀਆਂ ਕੰਪਨੀਆਂ ਦੀਆਂ ਕਾਰੋਬਾਰੀ ਸਰਗਰਮੀਆਂ ਨਿੱਤ ਦਿਨ ਸੁੰਗੜਦੀਆਂ ਜਾ ਰਹੀਆਂ ਹਨ। ਕਾਰੋਬਾਰ ਜਾਂ ਸੈਰ-ਸਪਾਟੇ ਪੱਖੋਂ ਘੱਟ ਮਕਬੂਲ ਰੂਟਾਂ ਉੱਤੇ ਚੱਲਣ ਵਾਲੀਆਂ ਕੰਪਨੀਆਂ ਦੇ ਤਾਂ ਨਾਮ ਵੀ ਬਹੁਤੇ ਜਨਤਕ ਨਹੀਂ। ਅਜਿਹੇ ਹਾਲਾਤ ਵਿਚ ਤਵੱਕੋ ਇਹੀ ਕੀਤੀ ਜਾਂਦੀ ਹੈ ਕਿ ਘੱਟੋਘੱਟ ਦੋ ਪ੍ਰਮੁਖ ਕੰਪਨੀਆਂ ਤਾਂ ਪੇਸ਼ੇਵਾਰਾਨਾ ਲੀਹਾਂ ਤੋਂ ਨਾ ਥਿੜਕਣ ਅਤੇ ਹਵਾਬਾਜ਼ੀ ਸਨਅਤ ਦੀ ਦਿਨੋਂਦਿਨ ਵੱਧ ਰਹੀ ਮਕਬੂਲੀਅਤ ਦਾ ਪੂਰਾ ਆਰਥਿਕ ਲਾਭ ਬਿਹਤਰ ਸੇਵਾਵਾਂ ਰਾਹੀਂ ਲੈਣ।
ਪਰ ਅਸਲ ਵਿਚ ਜੋ ਕੁੱਝ ਵਾਪਰ ਰਿਹਾ ਹੈ, ਉਹ ਉਪਰੋਕਤ ਵਰਤਾਰੇ ਤੋਂ ਬਿਲਕੁਲ ਉਲਟ ਹੈ। ਇਸ ਦੀ ਤਾਜ਼ਾਤਰੀਨ ਮਿਸਾਲ ਏਅਰ ਇੰਡੀਆ ਦੇ ਫੁਕੇਤ (ਥਾਈਲੈਂਡ) ਤੋਂ ਨਵੀਂ ਦਿੱਲੀ ਆ ਰਹੀ ਉਡਾਣ (ਏ.ਆਈ.-2379) ਵਿਚ ਵਾਪਰੀਆਂ ਘਟਨਾਵਾਂ ਹਨ। 4 ਅਗਸਤ ਨੂੰ ਇਸ ਉਡਾਣ ਦੌਰਾਨ ਜਹਾਜ਼ ਅਚਨਚੇਤੀ 300 ਫੁੱਟ ਨੀਵਾਂ ਚਲਾ ਗਿਆ। ਇਹ ਅਮਲ ਏਨੀ ਤੇਜ਼ੀ ਨਾਲ ਵਾਪਰਿਆ ਕਿ ਉਡਾਣ ਅਮਲੇ ਦੇ ਚਾਰ ਮੈਂਬਰਾਂ ਸਮੇਤ 11 ਸਵਾਰਾਂ ਨੂੰ ਗੰਭੀਰ ਚੋਟਾਂ ਲੱਗੀਆਂ। ਮੁਸਾਫਰਾਂ ਦੇ ਮੁਕਾਬਲਤਨ ਫਲਾਈਟ ਅਟੈਂਡੈਂਟਸ ਨੂੰ ਲੱਗੀਆਂ ਸੱਟਾਂ ਵੱਧ ਸ਼ਦੀਦ ਸਨ ਕਿਉਂਕਿ ਇਹ ਕਰਮਚਾਰੀ ਮਹਿਲਾਵਾਂ, ਮੁਸਾਫਰਾਂ ਦੀ ਦੇਖਭਾਲ ਦੇ ਕੰਮ ਵਿਚ ਰੁੱਝੀਆਂ ਹੋਣ ਕਾਰਨ ਸੁਰੱਖਿਆ-ਸਾਧਨਾਂ ਦੀ ਫ਼ੌਰੀ ਵਰਤੋਂ ਕਰਨ ਦੀ ਸਥਿਤੀ ਵਿਚ ਨਹੀਂ ਹੁੰਦੀਆਂ।
ਮੁੱਢ ਵਿਚ ਇਸ ਹਾਦਸੇ ਲਈ ਹਵਾ-ਮੰਡਲ ਵਿਚ ਗੜਬੜੀ (ਏਅਰ ਟਰਬੂਲੈਂਸ) ਨੂੰ ਦੋਸ਼ੀ ਦਸਿਆ ਗਿਆ। ਪਰ ਭਾਰਤੀ ਹਵਾਬਾਜ਼ੀ ਅਥਾਰਟੀ (ਏ.ਏ.ਆਈ.) ਵਲੋਂ ਕੀਤੀ ਗਈ ਡੂੰਘੇਰੀ ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਜਹਾਜ਼ ਦਾ ਕੈਪਟਨ (ਭਾਵ ਮੁਖ ਪਾਇਲਟ) ਨਸ਼ੇ ਵਿਚ ਸੀ। ਉਸ ਉੱਤੇ ਗਾਂਜਾਨੋਸ਼ੀ ਦੇ ਦੋਸ਼ ਉਸ ਦੇ ਖ਼ੂਨ ਤੇ ਹੋਰ ਸਰੀਰਿਕ ਸੈਂਪਲਾਂ ਦੀ ਸਕਰੀਨਿੰਗ ਰਾਹੀਂ ਸਾਹਮਣੇ ਆਏ ਹਨ। ਉਸ ਦਾ ਦਾਅਵਾ ਹੈ ਕਿ ਉਸ ਦੇ ਪਰਿਵਾਰਿਕ ਡਾਕਟਰ ਨੇ ਨੀਂਦ ਦੀ ਗੜਬੜੀ ਵਰਗੀ ਸਮੱਸਿਆ ਨਾਲ ਨਜਿੱਠਣ ਲਈ ਜੋ ਦਵਾਈ ਉਸ ਨੂੰ ਦਿਤੀ ਸੀ, ਉਹ ਮਾਦਕ ਕਿਸਮ ਦੀ ਸੀ। ਉਸ ਦਵਾਈ ਨੇ ਉਸ ਦੀ ਕਾਰਗੁਜ਼ਾਰੀ ਉੱਤੇ ਮੰਦਾ ਅਸਰ ਪਾਇਆ। ਇਸ ਸਪਸ਼ਟੀਕਰਨ ਨੂੰ ਏਅਰਕ੍ਰਾਫ਼ਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਓਰੋ (ਏਏਆਈਬੀ) ਨੇ ਰੱਦ ਕਰ ਦਿਤਾ ਹੈ।
ਏਅਰ ਇੰਡੀਆ ਟਾਟਾ ਗਰੁੱਪ ਦੀ ਕੰਪਨੀ ਹੈ। ਪਹਿਲਾਂ ਇਹ ਜਨਤਕ (ਸਰਕਾਰੀ) ਖੇਤਰ ਦੀ ਕੰਪਨੀ ਸੀ। ਜਨਤਕ ਖੇਤਰ ਦੀ ਕੰਪਨੀ ਵਜੋਂ ਪ੍ਰਬੰਧਨ ਤੇ ਸੇਵਾਵਾਂ ਪੱਖੋਂ ਇਹ ਏਨੀ ਜ਼ਿਆਦਾ ਊਣੀ ਸਾਬਤ ਹੋਈ ਕਿ ਦੀਵਾਲੀਆ ਹੋਣ ਦੇ ਕੰਢੇ ਪਹੁੰਚ ਗਈ। ਸਰਕਾਰ ਨੇ ਇਸ ਨੂੰ ਪੇਸ਼ੇਵਾਰਾਨਾ ਲੀਹ ’ਤੇ ਲਿਆਉਣ ਲਈ ਆਰਥਿਕ ਮਦਦ ਤੋਂ ਇਲਾਵਾ ਹੋਰ ਕਈ ਕਦਮ ਵੀ ਚੁੱਕੇ ਪਰ ਸਭ ਨਾਕਾਮ ਰਹਿਣ ਕਾਰਨ ਇਸ ਨੂੰ ਅੰਤ ਟਾਟਾ ਗਰੁੱਪ ਕੋਲ ਵੇਚ ਦਿਤਾ ਗਿਆ। ਇਸ ਗਰੁੱਪ ਨੇ ਏਅਰ ਇੰਡੀਆ ਦਾ ਅਕਸ ਸੁਧਾਰਨ ਅਤੇ ਇਸ ਨੂੰ ਪਰੋਫੈਸ਼ਨਲ ਕੰਪਨੀ ਬਣਾਉਣ ਲਈ ਬਹੁਤ ਸਾਰੇ ਕਦਮ ਚੁੱਕੇ ਹਨ, ਪਰ ਉਹ ਇਸ ਅੰਦਰਲਾ ਕਿਰਤ ਸਭਿਆਚਾਰ ਸੁਧਾਰਨ ਪੱਖੋਂ ਅਜੇ ਤਕ ਬਹੁਤੀ ਕਾਮਯਾਬ ਨਹੀਂ ਹੋਈ।
ਟਾਟਾ ਗਰੁੱਪ ਦੀ ਹਾਲੀਆ ਵਿੱਤੀ ਰਿਪੋਰਟ ਮੁਤਾਬਿਕ ਏਅਰ ਇੰਡੀਆ ਦਾ ਵਿੱਤੀ ਘਾਟਾ 10 ਹਜ਼ਾਰ ਕਰੋੜ ਤੋਂ ਵੱਧ ਕੇ 22 ਹਜ਼ਾਰ ਕਰੋੜ ਰੁਪਏ ਤਕ ਜਾ ਪੁੱਜਾ ਹੈ। ਮੈਨੇਜਮੈਂਟ ਵਲੋਂ ਸੁਵਿਧਾਵਾਂ ਵਿਚ ਭਰਵੇਂ ਵਾਧੇ ਦੇ ਬਾਵਜੂਦ ਕੰਪਨੀ ਦੇ ਨਿੱਤ ਦੇ ਅਪਰੇਸ਼ਨਾਂ ਵਿਚੋਂ ਪੇਸ਼ੇਵਾਰਾਨਾ ਊਰਜਾ ਤੇ ਤਨਦੇਹੀ ਅਜੇ ਵੀ ਗ਼ਾਇਬ ਹੈ। ਇਹ ਸੁਚੱਜੇ ਕਿਰਤ ਸਭਿਆਚਾਰ ਦੀ ਅਣਹੋਂਦ ਦਾ ਹੀ ਸਿੱਟਾ ਸੀ ਕਿ ਉਸ ਪਾਇਲਟ ਨੂੰ ਅਹਿਮ ਕੌਮਾਂਤਰੀ ਉਡਾਣ ਦੀ ਕਮਾਨ ਸੌਂਪੀ ਗਈ ਜਿਸ ਦੇ ਦੋ ਡੋਪ ਟੈਸਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੇ ਸਨ। ਅਜਿਹੇ ਬੰਦੇ ਨੂੰ 137 ਮੁਸਾਫਰਾਂ ਤੇ 8 ਅਮਲਾ ਮੈਂਬਰਾਂ ਵਾਲੇ ਜਹਾਜ਼ ਦੀ ਵਾਗਡੋਰ ਸੌਂਪਣੀ, ਜਵਾਬਦੇਹੀ ਤੇ ਜ਼ਿੰਮੇਵਾਰੀ ਦੀ ਅਣਦੇਖੀ ਦੀ ਮਿਸਾਲ ਨਹੀਂ ਤਾਂ ਹੋਰ ਕੀ ਕੁੱਝ ਹੈ?
ਏਅਰ ਇੰਡੀਆ ਦੀਆਂ ਨਾਕਾਮੀਆਂ ਦਾ ਭਰਪੂਰ ਫ਼ਾਇਦਾ ਲੈ ਕੇ ਅਪਣੇ ਕਾਰੋਬਾਰ ਦਾ ਬਹੁਮੁਖੀ ਵਿਸਥਾਰ ਕਰਨ ਵਾਲੀ ਇੰਡੀਗੋ ਵੀ ਹੁਣ ਪੇਸ਼ੇਵਾਰਾਨਾ ਮਾਪਦੰਡਾਂ ਦੀ ਪੂਰਤੀ ਤੋਂ ਖੁੰਝਦੀ ਜਾ ਰਹੀ ਹੈ। ‘ਰੂਟ ਵੱਧ, ਜਹਾਜ਼ ਘੱਟ’ ਵਾਲੇ ਚੱਕਰਵਿਊਹ ਵਿਚ ਫਸਣ ਕਾਰਨ ਉਡਾਣਾਂ ਅਚਨਚੇਤੀ ਰੱਦ ਕਰਨ ਵਾਲਾ ਪ੍ਰਚਲਣ ਮੁਸਾਫਰਾਂ ਦੇ ਅੰਦਰ ਇਸ ਹਵਾਬਾਜ਼ੀ ਕੰਪਨੀ ਪ੍ਰਤੀ ਗ਼ੈਰਯਕੀਨੀ ਦੇ ਅਹਿਸਾਸ ਵਧਾਉਣ ਲੱਗਾ ਹੈ। ਮੁਸਾਫਰਾਂ ਦੀ ਜਾਨ ਜੋਖੋਂ ਵਿਚ ਪਾਉਣ ਦੀ ਪ੍ਰਵਿਰਤੀ ਇਸ ਕੰਪਨੀ ਅੰਦਰ ਵੀ ਸੀ ਜਿਸ ਉੱਤੇ ਹਵਾਬਾਜ਼ੀ ਅਥਾਰਟੀ ਨੇ ਪਾਇਲਟਾਂ ਵਾਲੇ ਰੋਸਟਰ ਦੇ ਨਿਯਮ ਸਖ਼ਤੀ ਨਾਲ ਲਾਗੂ ਕਰ ਕੇ ਕਾਬੂ ਪਾਇਆ। ਅਜਿਹੀ ਸਖ਼ਤੀ ਤੇ ਨੇਮਬੰਦੀ ਹਵਾਬਾਜ਼ੀ ਨਾਲ ਜੁੜੇ ਹਰ ਖੇਤਰ ਵਿਚ ਲਾਗੂ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਕਿ ਏਅਰ ਇੰਡੀਆ ਦੇ ਜਹਾਜ਼ ਨਾਲ ਸਾਲ ਪਹਿਲਾਂ ਅਹਿਮਦਾਬਾਦ ਵਿਚ ਵਾਪਰੇ ਭਿਆਨਕ ਹਾਦਸੇ ਤੋਂ ਸਪਸ਼ਟ ਹੈ, ਹਵਾਬਾਜ਼ੀ ਖੇਤਰ ਵਿਚ ਮਾਮੂਲੀ ਜਹੀ ਕੋਤਾਹੀ ਵੀ ਚੰਦ ਪਲਾਂ ਦੇ ਅੰਦਰ ਸੈਂਕੜੇ ਜਾਨਾਂ ਲੈ ਸਕਦੀ ਹੈ। ਲਿਹਾਜ਼ਾ, ਹਰ ਕੋਤਾਹੀ ਦੀ ਡੂੰਘੇਰੀ ਜਾਂਚ ਅਤੇ ਜਾਂਚ-ਰਿਪੋਰਟਾਂ ਦੇ ਸਿੱਟਿਆਂ ਉੱਤੇ ਠੋਸ ਅਮਲ ਵਰਗੇ ਉਪਾਅ ਹਵਾਬਾਜ਼ੀ ਸੈਕਟਰ ਦਾ ਮੂਲ-ਮੰਤਰ ਬਣ ਜਾਣੇ ਚਾਹੀਦੇ ਹਨ।