ਕੈਨੇਡੀਅਨ ਜੱਜ ਨੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਪਲਟਿਆ |




ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕਰਮਵੀਰ ਸਿੰਘ ਪੰਜਾਬੀ ਮੂਲ ਦਾ ਭਾਰਤੀ ਨਾਗਰਿਕ ਹੈ ਅਤੇ ਸਾਲ 2012 ਦੇ ਇਕ ਕਤਲ ਕੇਸ ਵਿਚ ਭਾਰਤ ਵਿਚ ਲੋੜੀਂਦਾ ਭਗੌੜਾ ਹੈ।

ਔਟਵਾ: ਕੈਨੇਡਾ ਦੀ ਇਕ ਫ਼ੈਡਰਲ ਅਦਾਲਤ ਨੇ ਪੰਜਾਬੀ ਮੂਲ ਦੇ ਕਰਮਵੀਰ ਸਿੰਘ ਨੂੰ ਰਿਹਾਅ ਕਰਨ ਦੇ ਇਮੀਗ੍ਰੇਸ਼ਨ ਅਤੇ ਰਿਫ਼ਿਊਜੀ ਬੋਰਡ ਦੇ ਫ਼ੈਸਲੇ ਨੂੰ ਪਲਟ ਦਿਤਾ ਹੈ। ਕਰਮਵੀਰ ਸਿੰਘ, ਜੋ ਕਿ ਕਥਿਤ ਤੌਰ ’ਤੇ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਖ਼ੁਦ ਨੂੰ ਵਖਵਾਦੀ ਦਸਦਾ ਹੈ, ਹੁਣ ਹਿਰਾਸਤ ਵਿਚ ਹੀ ਰਹੇਗਾ । ਜੱਜ ਫੂਂਗ ਐਨਗੋ ਨੇ ਇਹ ਫ਼ੈਸਲਾ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਦੀ ਅਪੀਲ ’ਤੇ ਸੁਣਾਇਆ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕਰਮਵੀਰ ਸਿੰਘ ਪੰਜਾਬੀ ਮੂਲ ਦਾ ਭਾਰਤੀ ਨਾਗਰਿਕ ਹੈ ਅਤੇ ਸਾਲ 2012 ਦੇ ਇਕ ਕਤਲ ਕੇਸ ਵਿਚ ਭਾਰਤ ਵਿਚ ਲੋੜੀਂਦਾ ਭਗੌੜਾ ਹੈ। ਉਹ ਸਾਲ 2019 ਵਿਚ ਭਾਰਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅਮਰੀਕਾ ਭੱਜ ਗਿਆ ਸੀ ਅਤੇ ਫਿਰ ਉਸ ਨੇ ਜਨਵਰੀ 2025 ਵਿਚ ਕੈਨੇਡਾ ਪਹੁੰਚ ਕੇ ਸ਼ਰਨ ਦੀ ਮੰਗ ਕੀਤੀ ਸੀ।

ਕਰਮਵੀਰ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦਿਤੇ ਇੰਟਰਵਿਊ ਵਿਚ ਦਾਅਵਾ ਕੀਤਾ ਸੀ ਕਿ ਉਸ ਨੂੰ ਅਪਣੀ ਸਿਆਸੀ ਰਾਇ ਅਤੇ ਖ਼ਾਲਿਸਤਾਨੀ ਗਤੀਵਿਧੀਆਂ ਕਾਰਨ ਭਾਰਤ ਵਿਚ ਖ਼ਤਰਾ ਹੈ। ਜੱਜ ਨੇ ਅਪਣੀ ਟਿੱਪਣੀ ਵਿਚ ਕਿਹਾ ਕਿ ਕਰਮਵੀਰ ਕਥਿਤ ਤੌਰ ’ਤੇ ਬਿਸ਼ਨੋਈ ਗੈਂਗ ਦਾ ਮੈਂਬਰ ਹੈ, ਜਿਸ ਨੂੰ ਕੈਨੇਡਾ ਸਰਕਾਰ ਨੇ ਸਤੰਬਰ 2025 ਵਿਚ ਇਕ ਅਤਿਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਸੀ। ਜ਼ਿਕਰਯੋਗ ਹੈ ਕਿ ਇਹ ਗੈਂਗ ਮੁੱਖ ਤੌਰ ’ਤੇ ਭਾਰਤ ਤੋਂ ਅਪਣੀਆਂ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਹੈ। ਕਰਮਵੀਰ ਸਿੰਘ ਅਪ੍ਰੈਲ 2025 ਤੋਂ ਪੰਜਾਬੀ ਗਾਇਕਾਂ ਤੋਂ ਜਬਰੀ ਵਸੂਲੀ ਦੇ ਮਾਮਲੇ ਵਿਚ ਕੈਨੇਡਾ ਪੁਲਿਸ ਦੀ ਹਿਰਾਸਤ ਵਿਚ ਹੈ।

ਰਿਪੋਰਟਾਂ ਮੁਤਾਬਕ ਐਫ਼.ਬੀ.ਆਈ.  ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਸੀ ਕਿ ਸਤੰਬਰ 2024 ਵਿਚ ਮਸ਼ਹੂਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਘਰ ’ਤੇ ਗੋਲੀਬਾਰੀ ਅਤੇ ਅਗਜ਼ਨੀ ਕਰਨ ਦੇ ਹੁਕਮ ਵੀ ਕਰਮਵੀਰ ਨੇ ਹੀ ਦਿਤੇ ਸਨ। ਅਦਾਲਤ ਨੇ ਪਾਇਆ ਕਿ ਕਰਮਵੀਰ ਦੀ ਰਿਹਾਇਸ਼ ਲਈ ਉਸ ਦੀਆਂ ਭੈਣਾਂ ਅਤੇ ਜੀਜੇ ਵਲੋਂ ਦਿਤੇ ਗਏ ਫ਼ੰਡਾਂ ਦਾ ਸਰੋਤ ਸ਼ੱਕੀ ਸੀ। ਇਸ ਕਾਰਨ ਜੱਜ ਨੇ ਉਸ ਨੂੰ ਰਿਹਾਅ ਕਰਨ ਦੇ ਫ਼ੈਸਲੇ ਨੂੰ ਰੱਦ ਕਰ ਦਿਤਾ। ਮੌਜੂਦਾ ਸਮੇਂ ਵਿਚ ਕਰਮਵੀਰ ਸਿੰਘ ਵਿਰੁਧ ਕੈਨੇਡਾ ਵਿਚ ਦੇਸ਼ ਨਿਕਾਲੇ ਦੀ ਕਾਰਵਾਈ ਚੱਲ ਰਹੀ ਹੈ।