ਜਾਂਚ ਦੌਰਾਨ ਕਿਸੇ ਵੀ ਸਕੂਲ ’ਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ |
ਚੰਡੀਗੜ੍ਹ: ਸ਼ਹਿਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਧਮਕੀ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ, ਬੰਬ ਡਿਸਪੋਜ਼ਲ ਸਕੁਆਡ ਅਤੇ ਡੌਗ ਸਕੁਆਡ ਨੇ ਸਕੂਲਾਂ ਵਿੱਚ ਪਹੁੰਚ ਕੇ ਜਾਂਚ ਕੀਤੀ। ਪੁਲਿਸ ਵੱਲੋਂ ਸਕੂਲਾਂ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਜਾਂਚ ਦੌਰਾਨ ਕਿਸੇ ਵੀ ਸਕੂਲ ਤੋਂ ਬੰਬ ਜਾਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਧਮਕੀ ਵਾਲੀ ਈ-ਮੇਲ ਕਰਮਲ ਕਾਨਵੈਂਟ ਸਕੂਲ, ਸੈਕਟਰ-9, ਸੇਂਟ ਜੌਨਜ਼ ਹਾਈ ਸਕੂਲ ਸੈਕਟਰ-26, ਸੇਕ੍ਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ-26 ਅਤੇ ਸੇਂਟ ਸਟੀਫਨਜ਼ ਸਕੂਲ ਸੈਕਟਰ-45B ਨਾਲ ਸਬੰਧਤ ਸੀ। ਪੁਲਿਸ ਹੁਣ ਧਮਕੀ ਭਰੀ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਈ-ਮੇਲ ਕਿੱਥੋਂ ਭੇਜੀ ਗਈ ਅਤੇ ਇਸ ਦੇ ਪਿੱਛੇ ਕੌਣ ਹੈ, ਇਹ ਪਤਾ ਲਗਾਉਣ ਲਈ ਤਕਨੀਕੀ ਜਾਂਚ ਵੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿੱਚ ਇਸ ਤਰ੍ਹਾਂ ਦੀਆਂ ਧਮਕੀਆਂ ਪਹਿਲਾਂ ਵੀ ਮਿਲ ਚੁੱਕੀਆਂ ਹਨ। ਜਨਵਰੀ 2026 ਵਿੱਚ ਵੀ ਕਈ ਸਕੂਲਾਂ ਨੂੰ ਬੰਬ ਧਮਕੀ ਵਾਲੀਆਂ ਈ-ਮੇਲਾਂ ਮਿਲਣ ਤੋਂ ਬਾਅਦ ਵੱਡੇ ਪੱਧਰ ’ਤੇ ਸੁਰੱਖਿਆ ਜਾਂਚ ਕੀਤੀ ਗਈ ਸੀ।