ਅਮਰੀਕਾ ’ਚ H-1B ਵੀਜ਼ਾ 'ਤੇ ਕੰਮ ਕਰਨ ਵਾਲਿਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ |




ਨਵੀਂ ਨੌਕਰੀ ਲੱਭਣ ਲਈ 60 ਦਿਨ ਦੀ ਮੋਹਲਤ ਖ਼ਤਮ ਕਰਨ ’ਤੇ ਕੀਤੀ ਜਾ ਰਹੀ ਵਿਚਾਰ |

ਵਾਸ਼ਿੰਗਟਨ : ਅਮਰੀਕਾ ਵਿੱਚ H-1B ਵੀਜ਼ਾ 'ਤੇ ਕੰਮ ਕਰ ਰਹੇ ਵਿਦੇਸ਼ੀ ਮੁਲਾਜ਼ਮਾਂ ਦੀ ਮੁਸ਼ਕਲ ਵਧ ਸਕਦੀ ਹੈ।  ਅਮਰੀਕੀ ਸਰਕਾਰ ਨੌਕਰੀ ਜਾਣ ਤੋਂ ਬਾਅਦ ਨਵੀਂ ਨੌਕਰੀ ਲੱਭਣ ਲਈ ਮਿਲਣ ਵਾਲੀ 60 ਦਿਨਾਂ ਦੀ ਮੋਹਲਤ ਖ਼ਤਮ ਕਰਨ 'ਤੇ ਵਿਚਾਰ ਕਰ ਰਹੀ ਹੈ। ਜੇਕਰ ਇਹ ਬਦਲਾਅ ਲਾਗੂ ਹੁੰਦਾ ਹੈ ਤਾਂ ਨੌਕਰੀ ਜਾਣ ਤੋਂ ਬਾਅਦ ਅਮਰੀਕਾ ਵਿੱਚ ਰਹਿਣਾ ਮੁਸ਼ਕਲ ਹੋ ਸਕਦਾ ਹੈ। ਇਹ ਪ੍ਰਸਤਾਵ ਫਿਲਹਾਲ ਵ੍ਹਾਈਟ ਹਾਊਸ ਦੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਨੂੰ ਭੇਜਿਆ ਗਿਆ ਹੈ। ਅਜੇ ਇਹ ਨਿਯਮ ਨਹੀਂ ਬਣਿਆ ਹੈ । ਦਿੱਤੇ ਗਏ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ H-1B ਵੀਜ਼ਾ 'ਤੇ ਕੰਮ ਕਰ ਰਹੇ ਲਗਭਗ 5 ਲੱਖ ਭਾਰਤੀਆਂ 'ਤੇ ਇਸ ਦਾ ਅਸਰ ਪੈ ਸਕਦਾ ਹੈ।

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਸੇ ਸਾਲ ਮਈ ਵਿੱਚ ਇਹ ਮਾਮਲਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਸਾਹਮਣੇ ਚੁੱਕਿਆ ਸੀ । ਰੂਬੀਓ ਨੇ ਮੰਨਿਆ ਸੀ ਕਿ ਨਵੇਂ ਇਮੀਗ੍ਰੇਸ਼ਨ ਸਿਸਟਮ ਵਿੱਚ ਬਦਲਾਅ ਦੌਰਾਨ ਕੁਝ ਮੁਸ਼ਕਲਾਂ ਅਤੇ ਤਣਾਅ ਹੋ ਸਕਦੇ ਹਨ। ਜਦਕਿ ਰੂਬੀਓ ਨੇ ਕਿਹਾ ਸੀ ਕਿ ਅਮਰੀਕਾ ਇਮੀਗ੍ਰੇਸ਼ਨ ਸਿਸਟਮ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਲੰਬੇ ਸਮੇਂ ਵਿੱਚ ਇਸ ਦਾ ਫਾਇਦਾ ਸਾਰੇ ਪੱਖਾਂ ਨੂੰ ਮਿਲੇਗਾ। ਰੂਬੀਓ ਨੇ ਇਹ ਵੀ ਕਿਹਾ ਸੀ ਕਿ ਇਹ ਕਦਮ ਖ਼ਾਸ ਤੌਰ 'ਤੇ ਭਾਰਤ ਨੂੰ ਨਿਸ਼ਾਨਾ ਬਣਾ ਕੇ ਨਹੀਂ ਚੁੱਕਿਆ ਗਿਆ।

ਉਨ੍ਹਾਂ ਅਨੁਸਾਰ ਅਮਰੀਕਾ ਪਿਛਲੇ ਕੁਝ ਸਾਲਾਂ ਵਿੱਚ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। 2 ਕਰੋੜ ਤੋਂ ਵੱਧ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਅਤੇ ਉਸੇ ਚੁਣੌਤੀ ਨਾਲ ਨਜਿੱਠਣ ਲਈ ਇਹ ਬਦਲਾਅ ਕੀਤੇ ਜਾ ਰਹੇ ਹਨ।