ਸੁਪਰੀਮ ਕੋਰਟ ਵਿੱਚ ਹੁਣ 34 ਦੀ ਥਾਂ ਹੋਣਗੇ 38 ਜੱਜ |
ਨੀਟ ਪੇਪਰ ਲੀਕ ਅਤੇ ਰਾਮ ਮੰਦਰ ਵਿੱਚ ਕਥਿਤ ਚੰਦਾ ਚੋਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਲੋਕ ਸਭਾ ਵਿੱਚ ਇੱਕ ਬਿੱਲ ਬਿਨਾਂ ਬਹਿਸ ਦੇ ਪਾਸ ਹੋ ਗਿਆ। ਇਹ ਬਿੱਲ ਉਸ ਆਰਡੀਨੈਂਸ ਦੀ ਜਗ੍ਹਾ ਲੈਣ ਲਈ ਸੀ ਜਿਸ ਦੇ ਤਹਿਤ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ (ਭਾਰਤ ਦੇ ਮੁੱਖ ਜੱਜ ਸਮੇਤ) 34 ਤੋਂ ਵਧਾ ਕੇ 38 ਕਰ ਦਿੱਤੀ ਗਈ ਸੀ।
ਉੱਥੇ ਹੀ, ਵਿਰੋਧੀ ਧਿਰ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦੇ ਮੈਂਬਰਾਂ ਦੁਆਰਾ ਆਰਡੀਨੈਂਸ ਜਾਰੀ ਕਰਨ ਦੀ ਨਿੰਦਾ ਕਰਦਿਆਂ ਪੇਸ਼ ਕੀਤੇ ਗਏ ਇੱਕ ਵੈਧਾਨਿਕ ਮਤੇ ਨੂੰ ਵੀ ਜ਼ਬਾਨੀ ਵੋਟ ਨਾਲ ਰੱਦ ਕਰ ਦਿੱਤਾ ਗਿਆ।
ਬਿੱਲ ਨੂੰ ਵੋਟਿੰਗ ਲਈ ਰੱਖਿਆ ਗਿਆ ਅਤੇ ਬਾਅਦ ਵਿੱਚ ਪਾਸ ਕਰ ਦਿੱਤਾ ਗਿਆ
ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਦੀ ਸੰਖੇਪ ਸ਼ੁਰੂਆਤੀ ਟਿੱਪਣੀ ਤੋਂ ਬਾਅਦ ਪ੍ਰਧਾਨਗੀ ਅਧਿਕਾਰੀ ਨੇ ਮੈਂਬਰਾਂ ਨੂੰ ਵੈਧਾਨਿਕ ਮਤੇ 'ਤੇ ਬੋਲਣ ਦੀ ਅਪੀਲ ਕੀਤੀ, ਪਰ ਨਾਅਰੇਬਾਜ਼ੀ ਜਾਰੀ ਰਹਿਣ ਕਾਰਨ ਬਿੱਲ ਨੂੰ ਵੋਟਿੰਗ ਲਈ ਰੱਖਿਆ ਗਿਆ ਅਤੇ ਬਾਅਦ ਵਿੱਚ ਪਾਸ ਕਰ ਦਿੱਤਾ ਗਿਆ।