ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੀਸ ਨਿਵਾ ਕੇ ਕੀਤਾ ਸਵਾਗਤ |
ਚੰਡੀਗੜ੍ਹ//ਮੋਹਾਲੀ: ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੀ 650ਵੀਂ ਜੇਅੰਤੀ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵੱਲੋਂ ਗੁਰੂ ਜੀ ਦੀ ਜਨਮ ਭੂਮੀ ਸੀਰ ਗੋਵਰਧਨਪੁਰ (ਵਾਰਾਣਸੀ) ਤੋਂ 'ਸਮਰਸਤਾ ਸੰਕਲਪ ਅਭਿਆਨ' ਤਹਿਤ ਸ਼ੁਰੂ ਕੀਤੀ ਗਈ ਕਲਸ਼ ਯਾਤਰਾ ਅੱਜ ਪੰਜਾਬ ਦੀ ਧਰਤੀ 'ਤੇ ਪਹੁੰਚੀ। ਲਾਲੜੂ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਸ ਪਵਿੱਤਰ ਯਾਤਰਾ ਦਾ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਰਧਾ ਅਤੇ ਆਸਥਾ ਪ੍ਰਗਟਾਉਂਦੇ ਹੋਏ ਗੁਰੂ ਜੀ ਦੀ ਜਨਮਭੂਮੀ ਦੀ ਪਵਿੱਤਰ ਮਿੱਟੀ ਦੇ ਕਲਸ਼ ਨੂੰ ਆਪਣੇ ਸਿਰ ਉੱਪਰ ਰੱਖਿਆ ਅਤੇ ਇਸ ਯਾਤਰਾ ਨੂੰ ਪੰਜਾਬ ਵਿੱਚ ਅੱਗੇ ਲਈ ਰਵਾਨਾ ਕੀਤਾ।
ਇਸ ਇਤਿਹਾਸਕ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਹੈ। ਗੁਰੂ ਰਵਿਦਾਸ ਜੀ ਦੀ ਜਨਮਭੂਮੀ ਦੀ ਮਿੱਟੀ ਪੰਜਾਬ ਪਹੁੰਚਣ 'ਤੇ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਗੁਰੂ ਸਾਹਿਬ ਖ਼ੁਦ ਸਾਨੂੰ ਆਸ਼ੀਰਵਾਦ ਦੇਣ ਪਹੁੰਚੇ ਹੋਣ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਦੀਆਂ ਪਹਿਲਾਂ 'ਬੇਗਮਪੁਰਾ' ਦਾ ਸੰਕਲਪ ਦਿੱਤਾ ਸੀ, ਜਿਸਦਾ ਮਕਸਦ ਇੱਕ ਅਜਿਹਾ ਸਮਾਜ ਸਿਰਜਣਾ ਸੀ ਜਿੱਥੇ ਕੋਈ ਭੇਦਭਾਵ ਜਾਂ ਉੱਚ-ਨੀਚ ਨਾ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 'ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ, ਸਭਕਾ ਪ੍ਰਯਾਸ' ਦਾ ਨਾਅਰਾ ਇਸ 'ਬੇਗਮਪੁਰਾ' ਦੇ ਸੰਕਲਪ ਤੋਂ ਹੀ ਪ੍ਰੇਰਿਤ ਹੈ।
ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਵਾਰਾਣਸੀ ਵਿੱਚ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਦਾ ਪੁਨਰ-ਨਿਰਮਾਣ, ਵਿਸ਼ਾਲ ਲੰਗਰ ਹਾਲ, ਸ਼ਾਨਦਾਰ ਮਿਊਜ਼ੀਅਮ ਅਤੇ ਸ਼ਾਨਾਮੱਤੀ ਮੂਰਤੀ ਸਥਾਪਤ ਕੀਤੀ ਗਈ ਹੈ, ਜੋ ਗੁਰੂ ਜੀ ਦੇ ਚਰਨਾਂ ਵਿੱਚ ਇੱਕ ਸੱਚੀ ਸ਼ਰਧਾਂਜਲੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਿਆ ਗਿਆ, ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਅਤੇ ਜਲੰਧਰ ਤੋਂ ਵਾਰਾਣਸੀ ਤੱਕ ਇੱਕ ਸਪੈਸ਼ਲ ਐਕਸਪ੍ਰੈਸ ਟ੍ਰੇਨ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਬਾਣੀ ਨੂੰ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਵਿੱਚ ਦਰਜ ਕਰਕੇ ਪੰਜਾਬ ਦਾ ਗੁਰੂ ਜੀ ਨਾਲ ਖੂਨ ਦੇ ਰਿਸ਼ਤੇ ਤੋਂ ਵੀ ਗਹਿਰਾ ਨਾਤਾ ਜੋੜਿਆ ਹੈ।
ਪੰਜਾਬ ਭਾਜਪਾ ਪ੍ਰਧਾਨ ਨੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰੂ ਪੂਰਨਿਮਾ ਤੋਂ ਮਾਘ ਪੂਰਨਿਮਾ ਤੱਕ ਦੇਸ਼ ਵਿਆਪੀ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਅਭਿਆਨ ਨਹੀਂ, ਸਗੋਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਇੱਕ ਲਹਿਰ ਹੈ। ਉਨ੍ਹਾਂ ਪੰਜਾਬ ਭਾਜਪਾ ਦੇ ਹਰ ਆਗੂ, ਅਹੁਦੇਦਾਰ ਅਤੇ ਵਰਕਰ ਨੂੰ ਅਪੀਲ ਕੀਤੀ ਕਿ ਸੰਤਾਂ, ਧਾਰਮਿਕ ਕਮੇਟੀਆਂ, ਨੌਜਵਾਨਾਂ ਅਤੇ ਔਰਤਾਂ ਨੂੰ ਨਾਲ ਜੋੜ ਕੇ ਇਸ ਅਭਿਆਨ ਨੂੰ 'ਜਨ ਅੰਦੋਲਨ' ਅਤੇ 'ਸੇਵਾ ਦਾ ਮਿਸ਼ਨ' ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਏਕਤਾ ਅਤੇ ਭਾਈਚਾਰਾ ਲੈ ਕੇ ਆਉਣਾ ਹੀ ਗੁਰੂ ਰਵਿਦਾਸ ਜੀ ਨੂੰ ਅਸਲ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।