ਡੀਜੀਪੀ ਪੰਜਾਬ ਨੂੰ ਲਿਖਿਆ ਪੱਤਰ, ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਥਾਣਿਆਂ ਵਿੱਚ ਤਿੰਨ-ਤਿੰਨ ਜਵਾਨ ਤਾਇਨਾਤ ਕਰਨ ਦੀ ਕੀਤੀ ਅਪੀਲ |
ਰਾਜ ਸਭਾ ਮੈਂਬਰ, ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਵੱਡਾ ਅਤੇ ਲੋਕ-ਹਿੱਤ ਨਾਲ ਜੁੜਿਆ ਫੈਸਲਾ ਲੈਂਦਿਆਂ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਆਪਣੀ ਸਰਕਾਰੀ ਸੁਰੱਖਿਆ ਸਵੈਇੱਛਾ ਨਾਲ ਵਾਪਸ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਦੀ ਨਿੱਜੀ ਸੁਰੱਖਿਆ ਨਾਲੋਂ ਆਮ ਲੋਕਾਂ ਦੀ ਸੁਰੱਖਿਆ ਜ਼ਿਆਦਾ ਮਹੱਤਵਪੂਰਨ ਹੈ, ਇਸ ਲਈ ਉਨ੍ਹਾਂ ਨਾਲ ਤਾਇਨਾਤ ਛੇ ਸੁਰੱਖਿਆ ਜਵਾਨਾਂ ਨੂੰ ਜਨਤਾ ਦੀ ਸੇਵਾ ਲਈ ਥਾਣਿਆਂ ਵਿੱਚ ਭੇਜਿਆ ਜਾਵੇ।
ਡੀਜੀਪੀ ਨੂੰ ਭੇਜੇ ਪੱਤਰ ਵਿੱਚ ਸੰਤ ਸੀਚੇਵਾਲ ਨੇ ਲਿਖਿਆ ਕਿ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਇਲਾਕੇ ਅਤੇ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਵੇਈਂ ਦੇ ਆਲੇ-ਦੁਆਲੇ ਚੋਰੀਆਂ, ਲੁੱਟ-ਖੋਹ ਅਤੇ ਨਸ਼ਿਆਂ ਨਾਲ ਸੰਬੰਧਿਤ ਅਪਰਾਧਿਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਛੇ ਜਵਾਨਾਂ ਵਿੱਚੋਂ ਤਿੰਨ ਨੂੰ ਲੋਹੀਆਂ ਖਾਸ ਥਾਣੇ ਅਤੇ ਤਿੰਨ ਨੂੰ ਸੁਲਤਾਨਪੁਰ ਲੋਧੀ ਥਾਣੇ ਵਿੱਚ ਤਾਇਨਾਤ ਕੀਤਾ ਜਾਵੇ ਤਾਂ ਜੋ ਉਹ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਯੋਗਦਾਨ ਪਾ ਸਕਣ।
ਉਨ੍ਹਾਂ ਆਪਣੇ ਪੱਤਰ ਵਿੱਚ ਸਪੱਸ਼ਟ ਲਿਖਿਆ ਕਿ "ਸਾਡੇ ਨਾਲੋਂ ਸਾਡੇ ਲੋਕਾਂ ਨੂੰ ਸੁਰੱਖਿਆ ਦੀ ਜ਼ਿਆਦਾ ਲੋੜ ਹੈ।" ਉਨ੍ਹਾਂ ਕਿਹਾ ਕਿ ਜਦੋਂ ਇੱਕ ਵਿਅਕਤੀ ਦੀ ਸੁਰੱਖਿਆ ਲਈ ਛੇ ਜਵਾਨ ਤਾਇਨਾਤ ਹਨ, ਉਸ ਸਮੇਂ ਕਈ ਇਲਾਕਿਆਂ ਵਿੱਚ ਪੁਲਿਸ ਬਲ ਦੀ ਘਾਟ ਕਾਰਨ ਲੋਕ ਅਪਰਾਧਿਕ ਗਤੀਵਿਧੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਇਨ੍ਹਾਂ ਜਵਾਨਾਂ ਦੀ ਸੇਵਾ ਲੋਕਾਂ ਦੀ ਸੁਰੱਖਿਆ ਲਈ ਵਰਤੀ ਜਾਣੀ ਚਾਹੀਦੀ ਹੈ।
ਸੰਤ ਸੀਚੇਵਾਲ ਨੇ ਇਹ ਵੀ ਯਾਦ ਕਰਵਾਇਆ ਕਿ ਇਸ ਤੋਂ ਪਹਿਲਾਂ ਵੀ ਉਹ ਮਲਸੀਆਂ ਪੁਲਿਸ ਚੌਕੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਘਾਟ ਸਬੰਧੀ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ। ਉਸ ਸਮੇਂ ਉਨ੍ਹਾਂ ਦੇ ਆਪਣੇ ਪਿੰਡ ਸੀਚੇਵਾਲ ਵਿੱਚ ਇੱਕੋ ਰਾਤ ਅੱਠ ਚੋਰੀਆਂ ਦੀਆਂ ਵਾਰਦਾਤਾਂ ਹੋਈਆਂ ਸਨ ਅਤੇ ਬਿਜਲੀ ਦੀਆਂ ਤਾਰਾਂ ਦੀਆਂ ਚੋਰੀਆਂ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਚੋਰੀ ਹੋਣਾ ਇਸ ਖੇਤਰ ਵਿੱਚ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ।
ਉਨ੍ਹਾਂ ਨੇ ਪਵਿੱਤਰ ਵੇਈਂ ਦਾ ਵੀ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ-ਛੋਹ ਪ੍ਰਾਪਤ ਇਸ ਅਸਥਾਨ 'ਤੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਪਰ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਅਤੇ ਹੋਰ ਅਪਰਾਧਿਕ ਘਟਨਾਵਾਂ ਕਾਰਨ ਸੰਗਤਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਅਜਿਹੇ ਪਵਿੱਤਰ ਧਾਰਮਿਕ ਸਥਾਨ ਦੇ ਆਲੇ-ਦੁਆਲੇ ਅਪਰਾਧਿਕ ਗਤੀਵਿਧੀਆਂ ਦਾ ਵਧਣਾ ਬਹੁਤ ਚਿੰਤਾਜਨਕ ਹੈ।
ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਸੁਰੱਖਿਆ ਦੇਣ ਦੀ ਗੱਲ ਹੋਈ ਸੀ, ਉਸ ਵੇਲੇ ਵੀ ਉਨ੍ਹਾਂ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਹੁਣ ਉਨ੍ਹਾਂ ਨੇ ਮੁੜ ਆਪਣੀ ਸਵੈਇੱਛਾ ਨਾਲ ਸੁਰੱਖਿਆ ਵਾਪਸ ਕਰਨ ਦੀ ਇੱਛਾ ਜਤਾਉਂਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਤਾਇਨਾਤ ਸਾਰੇ ਛੇ ਜਵਾਨਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਕੇ ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਥਾਣਿਆਂ ਵਿੱਚ ਤਿੰਨ-ਤਿੰਨ ਦੀ ਗਿਣਤੀ ਵਿੱਚ ਤਾਇਨਾਤ ਕੀਤਾ ਜਾਵੇ, ਤਾਂ ਜੋ ਉਹ ਲੋਕਾਂ ਦੀ ਸੁਰੱਖਿਆ ਲਈ ਆਪਣੀਆਂ ਸੇਵਾਵਾਂ ਦੇ ਸਕਣ।
ਸੰਤ ਸੀਚੇਵਾਲ ਦੇ ਇਸ ਫੈਸਲੇ ਨੂੰ ਲੋਕ-ਹਿੱਤ ਅਤੇ ਸਮਾਜਕ ਜ਼ਿੰਮੇਵਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਬਲ ਦੀ ਲੋੜ ਆਮ ਲੋਕਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਵੱਧ ਹੈ, ਤਾਂ ਉਨ੍ਹਾਂ ਦੀ ਨਿੱਜੀ ਸੁਰੱਖਿਆ 'ਤੇ ਇੰਨੇ ਜਵਾਨ ਲਗਾਉਣ ਦੀ ਬਜਾਏ ਜਨਤਾ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।