ਕਈ ਥਾਈਂ ਅੱਜ ਵੀ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ |
ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜੀ ਇਲਾਕਿਆਂ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ। ਕਿਤੇ ਮੀਂਹ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਤੇ ਕਿਤੇ ਮੀਂਹ ਨਾਲ ਆਫ਼ਤ ਆਈ ਹੋਈ ਹੈ। ਉੱਤਰਾਖੰਡ ਵਿਚ ਵੀ ਭਾਰੀ ਮੀਂਹ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅੱਜ ਵੀ ਪਹਾੜੀ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਭਾਰੀ ਮੀਂਹ, ਤੂਫ਼ਾਨ ਤੇ ਬਿਜਲੀ ਗਰਜ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ, ਮੈਦਾਨੀ ਜ਼ਿਲ੍ਹਿਆਂ ਵਿੱਚ ਵੀ ਕੁਝ ਥਾਵਾਂ 'ਤੇ ਵੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਦੇਹਰਾਦੂਨ, ਬਾਗੇਸ਼ਵਰ, ਚਮੋਲੀ ਅਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ, ਇੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ, ਕੁਝ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨਾਲ ਡਿੱਗੇ ਮਲਬੇ ਕਾਰਨ ਆਵਜਾਈ ਕਾਫ਼ੀ ਸਮੇਂ ਲਈ ਪ੍ਰਭਾਵਿਤ ਰਹੀ। ਇਸ ਦੌਰਾਨ, ਉੱਤਰਕਾਸ਼ੀ ਦੇ ਨੇਤਾਲਾ ਵਿਖੇ ਗੰਗੋਤਰੀ ਨੈਸ਼ਨਲ ਹਾਈਵੇਅ 'ਤੇ ਵੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਵਿੱਚ ਵਿਘਨ ਪਿਆ।
ਭਾਰੀ ਮੀਂਹ ਕਾਰਨ ਨੁਕਸਾਨੀ ਗਈ ਮਸੂਰੀ-ਦੇਹਰਾਦੂਨ ਮੁੱਖ ਸੜਕ 'ਤੇ ਆਵਾਜਾਈ ਬੁੱਧਵਾਰ ਨੂੰ ਆਰਜ਼ੀ ਮੁਰੰਮਤ ਤੋਂ ਬਾਅਦ ਬਹਾਲ ਕਰ ਦਿੱਤੀ ਗਈ। ਹਾਲਾਂਕਿ, ਸੁਰੱਖਿਆ ਦੇ ਮੱਦੇਨਜ਼ਰ, ਰਾਤ 8 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਇਸ ਰਸਤੇ 'ਤੇ ਸਿਰਫ਼ ਐਂਬੂਲੈਂਸਾਂ, ਐਮਰਜੈਂਸੀ ਵਾਹਨਾਂ ਅਤੇ ਹੋਰ ਜ਼ਰੂਰੀ ਵਾਹਨਾਂ ਨੂੰ ਹੀ ਚੱਲਣ ਦੀ ਇਜਾਜ਼ਤ ਹੋਵੇਗੀ।
ਦੇਹਰਾਦੂਨ ਵਿੱਚ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਅੱਜ ਵੀ ਅਸਮਾਨ ਵਿਚ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗੀ। ਦਿਨ ਵੇਲੇ ਬਿਜਲੀ ਗਰਜ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਇੱਕ-ਦੋ ਵਾਰ ਤੇਜ਼ ਬੁਛਾੜਾਂ ਪੈਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਹੈ।
ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਚੌਕਸ ਰਹਿਣ ਅਤੇ ਦਰਿਆਵਾਂ, ਨਾਲਿਆਂ ਤੇ ਜ਼ਮੀਨ ਖਿਸਕਣ (ਲੈਂਡਸਲਾਈਡ) ਦੇ ਖਤਰੇ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਭਲਕੇ 24 ਜੁਲਾਈ ਨੂੰ ਦੇਹਰਾਦੂਨ ਅਤੇ ਨੈਨੀਤਾਲ ਲਈ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਜਿੱਥੇ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿਚ ਕਿਤੇ-ਕਿਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਉੱਥੇ ਹੀ ਰਾਜ ਦੇ ਸਾਰੇ 13 ਜ਼ਿਲ੍ਹਿਆਂ ਵਿਚ ਗਰਜ-ਤੂਫ਼ਾਨ, ਬਿਜਲੀ ਚਮਕਣ ਅਤੇ ਭਾਰੀ ਤੋਂ ਬਹੁਤ ਤੇਜ਼ ਮੀਂਹ ਪੈਣ ਦੇ ਆਸਾਰ ਹਨ।