ਅਮਰਨਾਥ ਅਤੇ ਵੈਸ਼ਨੋ ਦੇਵੀ ਦੀਆਂ ਯਾਤਰਾਵਾਂ ਕੀਤੀਆਂ ਮੁਅੱਤਲ |
ਦੇਸ਼ ਵਿੱਚ ਦੂਜੀ ਵਾਰ ਮਾਨਸੂਨ ਦੇ ਸਰਗਰਮ ਹੋਣ ਨਾਲ, ਉੱਤਰੀ ਭਾਰਤ ਦੇ ਸਾਰੇ 14 ਰਾਜਾਂ ਵਿੱਚ ਭਾਰੀ ਮੀਂਹ ਦਾ ਦੌਰ ਜਾਰੀ ਹੈ। ਇਨ੍ਹਾਂ ਰਾਜਾਂ ਵਿੱਚ ਦਿੱਲੀ, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਸਿੱਕਮ, ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ।
ਸ਼ਨੀਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਉੱਤਰਾਖੰਡ ਵਿੱਚ ਦੋ ਪ੍ਰਮੁੱਖ ਤੀਰਥ ਯਾਤਰਾਵਾਂ ਵੀ ਪ੍ਰਭਾਵਿਤ ਹੋਈਆਂ। ਕੇਦਾਰਨਾਥ ਮਾਰਗ 'ਤੇ ਘੋੜੇ ਅਤੇ ਖੱਚਰਾਂ ਦੀ ਸੇਵਾ ਮੁਅੱਤਲ ਕਰ ਦਿੱਤੀ ਗਈ ਅਤੇ ਕੈਲਾਸ਼-ਮਾਨਸਰੋਵਰ ਦੇ ਸ਼ਰਧਾਲੂਆਂ ਦੇ ਇੱਕ ਜਥੇ ਨੂੰ ਵੀ ਰੋਕ ਦਿੱਤਾ ਗਿਆ, ਕਿਉਂਕਿ ਭਾਰਤੀ ਮੌਸਮ ਵਿਭਾਗ (IMD) ਨੇ ਪੂਰੇ ਰਾਜ ਵਿੱਚ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ।
ਇਸ ਦੌਰਾਨ, ਮੌਸਮ ਵਿਭਾਗ ਨੇ ਉੱਤਰੀ ਭਾਰਤ ਵਿੱਚ ਅਗਲੇ ਪੰਜ ਦਿਨਾਂ ਦੌਰਾਨ ਮੌਸਮ ਵਿੱਚ ਹੋਣ ਵਾਲੇ ਬਦਲਾਅ ਦੇ ਮੱਦੇਨਜ਼ਰ ਅਮਰਨਾਥ ਅਤੇ ਵੈਸ਼ਨੋ ਦੇਵੀ ਦੀਆਂ ਯਾਤਰਾਵਾਂ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਐਤਵਾਰ ਲਈ ਉੱਤਰਾਖੰਡ, ਸਿੱਕਮ ਅਤੇ ਬੰਗਾਲ ਵਿੱਚ ਭਾਰੀ ਮੀਂਹ ਨੂੰ ਲੈ ਕੇ 'ਰੈੱਡ ਅਲਰਟ' ਵੀ ਜਾਰੀ ਕੀਤਾ ਗਿਆ ਹੈ।
ਰਾਜਸਥਾਨ, ਗੁਜਰਾਤ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਮੀਂਹ ਨਹੀਂ ਪੈ ਰਿਹਾ ਹੈ। ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ, ਸ਼ਨੀਵਾਰ ਨੂੰ ਮੀਂਹ ਪਵਾਉਣ ਲਈ ਇੱਕ ਅਨੋਖੀ ਰਸਮ ਨਿਭਾਈ ਗਈ; ਕੁਝ ਲੋਕਾਂ ਨੇ ਖੋਤਿਆਂ ਨੂੰ ਗੁਲਾਬ ਜਾਮੁਨ ਖੁਆਏ। ਮੰਨਿਆ ਜਾਂਦਾ ਹੈ ਕਿ ਇਸ ਕਾਰਜ ਨਾਲ ਭਗਵਾਨ ਇੰਦਰ ਖੁਸ਼ ਹੋਣਗੇ ਅਤੇ ਮੀਂਹ ਪਵੇਗਾ।
ਅਰੁਣਾਚਲ ਵਿੱਚ ਜਾਰੀ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ, 29 ਲੋਕ ਜ਼ਖ਼ਮੀ ਹੋਏ ਹਨ ਅਤੇ 1,49,257 ਲੋਕ ਪ੍ਰਭਾਵਿਤ ਹੋਏ ਹਨ। ਮਾਨਸੂਨ ਦੇ ਕਹਿਰ ਕਾਰਨ ਕੁੱਲ 26 ਜ਼ਿਲ੍ਹੇ, 328 ਸਰਕਲ ਅਤੇ 576 ਪਿੰਡ ਪ੍ਰਭਾਵਿਤ ਹੋਏ ਹਨ। ਭਲਕੇ ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਲਈ ਭਾਰੀ ਮੀਂਹ ਦਾ 'ਰੈੱਡ ਅਲਰਟ' ਜਾਰੀ ਕੀਤਾ ਗਿਆ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂ.ਪੀ., ਬਿਹਾਰ, ਅਸਾਮ, ਮੇਘਾਲਿਆ, ਸਿੱਕਮ ਅਤੇ ਬੰਗਾਲ ਲਈ ਮੀਂਹ ਸਬੰਧੀ 'ਔਰੇਂਜ ਅਲਰਟ' ਲਾਗੂ ਹੈ। ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਓਡੀਸ਼ਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਕੇਰਲ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।