ਗ੍ਰਿਫਤਾਰੀ ਮਗਰੋਂ ਅੱਜ ਅਦਾਲਤ ’ਚ ਕੀਤਾ ਗਿਆ ਸੀ ਪੇਸ਼ |
ਟਾਂਡਾ ਉੜਮੁੜ ਦੇ ਸਾਬਕਾ ਥਾਣਾ ਮੁੱਖੀ (SHO) ਗੁਰਜਿੰਦਰਜੀਤ ਸਿੰਘ ਨਾਗਰਾ ਨੂੰ ਅਮਰੀਕਾ ਨਾਲ ਜੁੜੇ ਜਬਰੀ ਵਸੂਲੀ ਮਾਮਲੇ ਦੀ ਜਾਂਚ ਦੌਰਾਨ ਐਸ.ਪੀ. (ਦਿਹਾਤੀ) ਜਲੰਧਰ ਦੀ ਰਿਪੋਰਟ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਜ ਦਸੂਹਾ ਸਿਵਲ ਕੋਰਟ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਨਾਗਰਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।
ਦੋਸ਼ ਹੈ ਕਿ ਟਾਂਡਾ ਉੜਮੁੜ ਦੇ ਪਿੰਡ ਮਿਆਣੀ ਦੇ ਬਲਵਿੰਦਰ ਸਿੰਘ ਕਤਲ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਕੇਸ ਵਿਚੋਂ ਬਾਹਰ ਕੱਢਣ ਦੇ ਨਾਂਅ 'ਤੇ ਲਗਭਗ 4 ਕਰੋੜ ਰੁਪਏ ਦੀ ਜ਼ਬਰੀ ਵਸੂਲੀ ਕੀਤੀ ਗਈ। ਜਾਂਚ ਤੋਂ ਬਾਅਦ ਨਾਗਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਐਫ.ਆਈ.ਆਰ. ਨੰਬਰ 20 ਮਿਤੀ 16.01.2026, ਥਾਣਾ ਟਾਂਡਾ, ਹੁਸ਼ਿਆਰਪੁਰ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 13 ਅਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 308 ਤਹਿਤ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ।
ਉੱਧਰ, ਨਾਗਰਾ ਦੇ ਵਕੀਲ ਸੰਦੀਪ ਸ਼ਰਮਾ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਅੱਕਲ ਨੂੰ ਬਿਨਾਂ ਠੋਸ ਸਬੂਤਾਂ ਅਤੇ ਤੱਥਾਂ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।