ਮੋਦੀ ਨੇ ਸ਼ੁੱਕਰਵਾਰ ਨੂੰ ਅਪਣੀ ਪੰਜਾਬ-ਹਰਿਆਣਾ-ਚੰਡੀਗੜ੍ਹ ਫੇਰੀ ਦੌਰਾਨ ਅਰਬਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਜਾਂ ਤਾਂ ਉਦਘਾਟਨ ਕੀਤਾ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਪਣੀ ਪੰਜਾਬ-ਹਰਿਆਣਾ-ਚੰਡੀਗੜ੍ਹ ਫੇਰੀ ਦੌਰਾਨ ਅਰਬਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਜਾਂ ਤਾਂ ਉਦਘਾਟਨ ਕੀਤਾ ਅਤੇ ਜਾਂ ਫਿਰ ਇਨ੍ਹਾਂ ਦੀ ਉਸਾਰੀ ਦਾ ਰਸਮੀ ਆਗਾਜ਼ ਕੀਤਾ। ਹਰਿਆਣਾ ਵਿਚ ਉਨ੍ਹਾਂ ਦੀ ਫੇਰੀ ਦਾ ਮੁੱਖ ਆਕਰਸ਼ਣ ਜੀਂਦ-ਸੋਨੀਪਤ ਹਾਈਡੋਰਜਨ ਰੇਲਗੱਡੀ ਦੀ ਆਰੰਭਤਾ ਦੇ ਰੂਪ ਵਿਚ ਰਿਹਾ। ਇਹ ਹਾਈਡਰੋਜਨ ਗੈਸ ਤੋਂ ਤਿਆਰ ਬਿਜਲੀ ਨਾਲ ਚੱਲਣ ਵਾਲੀ ਦੇਸ਼ ਦੀ ਪਹਿਲੀ ਰੇਲਗੱਡੀ ਹੈ ਅਤੇ ਇਸ ਦੀ ਸ਼ੁਰੂਆਤ ਰਾਹੀਂ ਭਾਰਤ ਇਸ ਟੈਕਨਾਲੋਜੀ ਰਾਹੀਂ ਰੇਲਗੱਡੀਆਂ ਚਲਾਉਣ ਵਾਲਾ ਦੁਨੀਆਂ ਦਾ ਛੇਵਾਂ ਮੁਲਕ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਟੈਕਨਾਲੋਜੀ ਹੁਣ ਤਕ ਸਿਰਫ਼ ਜਰਮਨੀ, ਚੀਨ, ਜਾਪਾਨ, ਫਰਾਂਸ ਤੇ ਸਵੀਡਨ ਵਿਚ ਹੀ ਵਰਤੀ ਜਾ ਰਹੀ ਹੈ, ਹੋਰ ਕਿਤੇ ਨਹੀਂ।
ਇਸ ਦਾ ਅਹਿਮ ਪੱਖ ਇਹ ਹੈ ਕਿ ਇਹ ਧੂੰਆਂ-ਰਹਿਤ ਹੈ। ਇਸ ਕਾਰਨ ਇਹ ਵਾਤਾਵਰਨ ਦੀ ਸੰਭਾਲ ਪੱਖੋਂ ਲਾਭਕਾਰੀ ਮੰਨੀ ਜਾਂਦੀ ਹੈ। 89 ਕਿਲੋਮੀਟਰ ਲੰਮੇ ਗਲਿਆਰੇ ਨੂੰ ਜੋੜਨ ਵਾਲਾ ਇਹ ਪ੍ਰਾਜੈਕਟ, ਹਰਿਆਣਾ ਦੇ ਅੰਦਰੂਨੀ ਹਿੱਸਿਆਂ ਨੂੰ ਮੁੱਖ ਰੇਲ ਰੂਟ ਨਾਲ ਰਲਾਉਣ ਦਾ ਮੁੱਖ ਵਸੀਲਾ ਸਾਬਤ ਹੋ ਸਕਦਾ ਹੈ। ਇਸੇ ਸਮਾਗਮ ਦੌਰਾਨ ਸ੍ਰੀ ਮੋਦੀ ਨੇ 15 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਅੱਠ ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਜਾਂ ਉਨ੍ਹਾਂ ਦਾ ਨੀਂਹ-ਪੱਥਰ ਰੱਖਣ ਦੀ ਰਸਮ ਵੀ ਵਰਚੂਅਲ ਢੰਗ ਨਾਲ ਅਦਾ ਕੀਤੀ।
ਇਨ੍ਹਾਂ ਵਿਚ ਕੁਰੂਕਸ਼ੇਤਰ ਵਿਚ ਸਿੱਖ ਮਿਊਜ਼ੀਅਮ ਦੀ ਉਸਾਰੀ ਵੀ ਸ਼ਾਮਲ ਹੈ। 160 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਹਰਿਆਣਾ ਤੋਂ ਇਲਾਵਾ ਪੰਜਾਬ (ਜਿਥੇ ਕਿ ਵਿਧਾਨ ਸਭਾ ਚੋਣਾਂ ਅਗਲੇ ਛੇ ਮਹੀਨਿਆਂ ਅੰਦਰ ਹੋਣ ਵਾਲੀਆਂ ਹਨ) ਦੀ ਸਿੱਖ ਵਸੋਂ ਵਿਚ ਭਾਰਤੀ ਜਨਤਾ ਪਾਰਟੀ ਦਾ ਜਨ-ਆਧਾਰ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੀ ਮੰਨਿਆ ਜਾਂਦਾ ਹੈ। ਹਰਿਆਣਾ ਵਾਂਗ ਚੰਡੀਗੜ੍ਹ ਵਿਚ ਵੀ 4700 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਜਾਂ ਨੀਂਹ-ਪੱਥਰਾਂ ਰਾਹੀਂ ਪ੍ਰਧਾਨ ਮੰਤਰੀ ਨੇ ਇਸ ਕੇਂਦਰੀ ਪ੍ਰਦੇਸ਼ ਅਤੇ ਆਸ-ਪਾਸ ਦੇ ਲੋਕਾਂ ਨੂੰ ਇਹ ਭਰੋਸਾ ਦੇਣਾ ਮੁਨਾਸਿਬ ਸਮਝਿਆ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਹਿੱਤਾਂ ਦਾ ਵੀ ਓਨਾ ਹੀ ਧਿਆਨ ਰੱਖ ਰਹੀ ਹੈ ਜਿੰਨਾ ਦੇਸ਼ ਦੇ ਹੋਰਨਾਂ ਖੇਤਰਾਂ ਦਾ।
ਚੰਡੀਗੜ੍ਹ ਅੰਦਰਲੇ ਪ੍ਰਾਜੈਕਟ ਮੁੱਖ ਤੌਰ ’ਤੇ ਪੀ.ਜੀ.ਆਈ. ਦੀਆਂ ਸੇਵਾਵਾਂ ਦਾ ਦਾਇਰਾ ਵਧਾਉਣ ਅਤੇ ਵਿਦਿਅਕ ਅਦਾਰਿਆਂ ਅੰਦਰ ਵਿਦਿਆਰਥੀਆਂ ਵਾਸਤੇ ਰਿਹਾਇਸ਼ ਦੀ ਸੁਵਿਧਾ ਵਧਾਉਣ ਵਲ ਕੇਂਦ੍ਰਿਤ ਹਨ। ਇਨ੍ਹਾਂ ਨੂੰ ਛੇਤੀ ਨੇਪਰੇ ਚਾੜਿ੍ਹਆ ਜਾਣਾ ਨਿਹਾਇਤ ਜ਼ਰੂਰੀ ਹੈ। ਪੰਜਾਬ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਨੂੰ ਰਾਜਸੀ ਪੱਖੋਂ ਵੱਧ ਮਹੱਤਵ, ਰਾਜ ਵਿਧਾਨ ਸਭਾ ਦੀ ਆਗਾਮੀ ਚੋਣਾਂ ਦੇ ਮੱਦੇਨਜ਼ਰ ਦਿਤਾ ਜਾ ਰਿਹਾ ਸੀ। ਉਨ੍ਹਾਂ ਦੀ ਫੇਰੀ ਭਾਵੇਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦੇ ਉਦਘਾਟਨ ਉੱਤੇ ਕੇਂਦ੍ਰਿਤ ਰਹੀ, ਫਿਰ ਵੀ ਇਸ ਰਾਹੀਂ ਉਨ੍ਹਾਂ ਨੇ 5470 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ/ਆਰੰਭਤਾ ਕੀਤੀ। ਜਲੰਧਰ ਛਾਉਣੀ ਤੇ ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਦਾ ਆਧੁਨਿਕ ਲੀਹਾਂ ’ਤੇ ਮੁਕੰਮਲ ਨਵੀਨੀਕਰਨ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਸੜਕੀ ਅਤੇ ਰੇਲ ਪ੍ਰਾਜੈਕਟਾਂ ਦੀ ਆਰੰਭਤਾ ਜਾਂ ਲੋਕ-ਅਰਪਣ ਦੀ ਰਸਮ ਵੀ ਵੀਡੀਓ-ਵਿਧੀਆਂ ਰਾਹੀਂ ਨੇਪਰੇ ਚਾੜ੍ਹੀ ਗਈ। ਆਗਾਮੀ ਚੁਣਾਵੀ ਦੰਗਲ ਦੀ ਪਰਦਾਕਸ਼ੀ ਕਿਉਂਕਿ ਪੰਜਾਬ ਵਿਚ ਪਹਿਲਾਂ ਹੀ ਹੋ ਚੁੱਕੀ ਹੈ, ਇਸ ਲਈ ਇਸ ਤੋਂ ਉਪਜੀ ਸਿਆਸੀ ਤਲਖ਼ੀ ਵੀ ਰਾਜਸੀ ਧਰਾਤਲ ਉੱਪਰ ਹਾਵੀ ਹੋਣ ਲੱਗੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਸ੍ਰੀ ਮੋਦੀ ਦੇ ਰਸਮੀ ਸਵਾਗਤ ਵਿਚ ਹਾਜ਼ਰੀ ਭਰਨ ਤੋਂ ਬਾਅਦ ਜਲੰਧਰ ਵਾਲੇ ਸਮਾਗਮ ਤੋਂ ਦੂਰੀ ਬਣਾਈ ਰੱਖੀ। ਸਰਕਾਰੀ ਪ੍ਰੋਟੋਕੋਲ ਮੁਤਾਬਿਕ ਉੱਥੇ ਸੂਬਾਈ ਪ੍ਰਤੀਨਿਧਤਾ ਦੀ ਰਸਮ-ਪੂਰਤੀ ਦੋ ਮੰਤਰੀਆਂ-ਅਮਨ ਅਰੋੜਾ ਤੇ ਹਰਪਾਲ ਸਿੰਘ ਚੀਮਾ ਨੇ ਅਦਾ ਕੀਤੀ। ਜਲੰਧਰ ਵਾਲੇ ਸਮਾਗਮ ਵਿਚ ਹੁਕਮਰਾਨ ‘ਆਪ’ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮੌਜੂਦਗੀ ਨੇ ਸਿਆਸੀ ਕਿਆਫ਼ਿਆਂ ਲਈ ਆਧਾਰ ਜ਼ਰੂਰ ਪੈਦਾ ਕੀਤਾ, ਪਰ ਉਨ੍ਹਾਂ ਦੇ ਪੱਖ ਅੰਦਰਲੇ ਇਸ ਵਜ਼ਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਇਲਾਕਾਈ ਵਿਕਾਸ ਨਾਲ ਜੁੜੇ ਸਮਾਗਮਾਂ ਵਿਚ ਜੇਕਰ ਸੰਸਦ ਮੈਂਬਰ ਹਾਜ਼ਰ ਨਹੀਂ ਹੁੰਦਾ ਤਾਂ ਉਹ ਫ਼ਰਜ਼ਸ਼ੱਨਾਸ ਨਹੀਂ ਕਿਹਾ ਜਾ ਸਕਦਾ।
ਮੋਦੀ ਕਿਉਂਕਿ ਹਰ ਸਰਕਾਰੀ ਮੌਕੇ ਨੂੰ ਚੁਣਾਵੀ ਪ੍ਰਚਾਰ ਲਈ ਵਰਤਣ ਤੋਂ ਪਰਹੇਜ਼ ਨਹੀਂ ਕਰਦੇ, ਇਸੇ ਲਈ ਉਨ੍ਹਾਂ ਨੇ ਪੰਜਾਬ-ਹਰਿਆਣਾ ਦੀ ਅਪਣੀ ਫੇਰੀ ਨੂੰ ਵੀ ਇਸੇ ਉਦੇਸ਼ ਲਈ ਵਰਤਿਆ। ਸਿਆਸੀ ਸੁਹਜਵਾਦੀਆਂ ਨੂੰ ਪ੍ਰਧਾਨ ਮੰਤਰੀ ਦੀ ਅਜਿਹੀ ਪਹੁੰਚ ਨਾਪਸੰਦ ਹੋਣੀ ਸੁਭਾਵਿਕ ਹੀ ਹੈ, ਪਰ ਸ੍ਰੀ ਮੋਦੀ ਲਈ ਸਿਆਸੀ ਨਫ਼ਾਸਤ ਨਾਲੋਂ ਨੰਬਰਬਾਜ਼ੀ ਦੀ ਹਮੇਸ਼ਾਂ ਹੀ ਵੱਧ ਅਹਿਮੀਅਤ ਰਹੀ ਹੈ। ਇਹੀ ਤੱਤ ਜੀਂਦ ਅਤੇ ਜਲੰਧਰ ਵਿਚ ਉਨ੍ਹਾਂ ਦੀਆਂ ਤਕਰੀਰਾਂ ਦਾ ਮੁੱਖ ਪੱਖ ਰਿਹਾ। ‘‘ਜੀਂਦ ਦਾ ਘੀ ਤੇ ਘੇਵਰ ਤਾਂ ਪਹਿਲਾਂ ਵਰਗਾ ਹੀ ਰਹਿਣਾ ਹੈ ਪਰ ਤੇਵਰ ਬਦਲ ਗਏ ਹਨ’’ ਵਰਗੀ ਫ਼ਿਕਰੇਬਾਜ਼ੀ ਚੋਣ ਪ੍ਰਚਾਰਕ ਵਾਲੀ ਸ਼ਬਦਾਵਲੀ ਦੀ ਮਿਸਾਲ ਹੈ। ਜਲੰਧਰ ਛਾਉਣੀ ਵਿਚ ਵੀ ਅਜਿਹੇ ਫ਼ਿਕਰੇ ਉਨ੍ਹਾਂ ਦੀ ਤਕਰੀਰ ਦਾ ਅਹਿਮ ਹਿੱਸਾ ਰਹੇ। ਇਹ ਵੱਖਰੀ ਗੱਲ ਹੈ ਕਿ ਹਾਜ਼ਰੀਨ ਨਾਲ ਉਨ੍ਹਾਂ ਦਾ ਜੋ ਰਾਬਤਾ ਜੀਂਦ ਵਿਚ ਨਜ਼ਰ ਆਇਆ, ਉਸ ਦੀ ਸ਼ਿੱਦਤ ਜਲੰਧਰ ਵਿਚ ਉਸ ਮਿਕਦਾਰ ਵਾਲੀ ਨਹੀਂ ਸੀ। ਜ਼ਾਹਿਰ ਹੈ ਕਿ ਅਜਿਹੀ ਨੇੜਤਾ ਉਪਜਾਉਣ ਲਈ ਜਿੱਥੇ ਭਾਜਪਾ ਨੂੰ ਪੰਜਾਬ ਵਿਚ ਅਜੇ ਚੰਗੀ-ਚੋਖੀ ਮਿਹਨਤ ਕਰਨ ਦੀ ਜ਼ਰੂਰਤ ਹੈ, ਉਥੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਪੰਜਾਬੀਆਂ ਨੂੰ ਲਫ਼ਜ਼ੀ ਕਲਾਬਾਜ਼ੀਆਂ ਰਾਹੀਂ ਬਹੁਤਾ ਭਰਮਾਇਆ ਨਹੀਂ ਜਾ ਸਕਦਾ।