ਜੀ ਜਮਾਤ ਦਾ ਵਿਦਿਆਰਥੀ ਹੈ ਰੂਪਨਗਰ ਦਾ ਤੇਗਬੀਰ |
ਰੂਪਨਗਰ (ਵਿਨੋਦ ਸ਼ਰਮਾ) : ਪੰਜਾਬ ਦੇ ਰੂਪਨਗਰ ਦਾ 7 ਸਾਲਾ ਨਿੱਕੇ ਪਰਬਤਰੋਹੀ ਤੇਗਬੀਰ ਸਿੰਘ ਨੇ ਇਕ ਹੋਰ ਵਿਸ਼ਵ ਰਿਕਾਰਡ ਅਪਣੇ ਨਾਮ ਕਰ ਕੇ ਇਤਿਹਾਸ ਰਚ ਦਿਤਾ। ਤੇਗਬੀਰ ਨੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਖੇਤਰ ਵਿਚ ਜ਼ੰਸਕਰ ਰੇਂਜ ਸਥਿਤ 6,111 ਮੀਟਰ ਉੱਚੀ ਮਾਊਂਟ ਯੂਨਮ ਦੀ ਚੋਟੀ ਸਫ਼ਲਤਾਪੂਰਵਕ ਫ਼ਤਹਿ ਕਰ ਕੇ 6000 ਮੀਟਰ ਤੋਂ ਉੱਚੀ ਚੋਟੀ ਸਰ ਕਰਨ ਵਾਲਾ ਦੁਨੀਆ ਦਾ ਸੱਭ ਤੋਂ ਘੱਟ ਉਮਰ ਦਾ ਪਰਬਤਰੋਹੀ ਬਣਨ ਦਾ ਮਾਣ ਹਾਸਲ ਕੀਤਾ ਹੈ।
ਮਹਿਜ਼ 7 ਸਾਲ 9 ਮਹੀਨੇ ਦੀ ਉਮਰ ਵਿਚ ਤੇਗਬੀਰ ਨੇ ਇਹ ਪ੍ਰਾਪਤੀ ਹਾਸਲ ਕਰਦਿਆਂ ਮੁੰਬਈ ਦੀ ਕਾਮਿਆ ਕਾਰਤੀਕੇਅਨ ਦਾ ਰਿਕਾਰਡ ਤੋੜ ਦਿਤਾ, ਜਿਸ ਨੇ ਸਾਲ 2017 ਵਿਚ 9 ਸਾਲ 11 ਮਹੀਨੇ ਦੀ ਉਮਰ ਵਿਚ 6000+ ਮੀਟਰ ਦੀ ਚੋਟੀ ਫ਼ਤਿਹ ਕੀਤੀ ਸੀ। ਤੀਜੀ ਜਮਾਤ ਦਾ ਵਿਦਿਆਰਥੀ ਤੇਗਬੀਰ 7 ਜੁਲਾਈ ਨੂੰ ਅਪਣੀ ਮੁਹਿੰਮ ’ਤੇ ਰਵਾਨਾ ਹੋਇਆ ਅਤੇ ਛੇ ਦਿਨਾਂ ਦੀ ਔਖੀ ਚੜ੍ਹਾਈ ਤੋਂ ਬਾਅਦ 13 ਜੁਲਾਈ ਨੂੰ ਦੁਪਹਿਰ 2:50 ਵਜੇ ਅਪਣੀ ਟੀਮ ਸਮੇਤ ਮਾਊਂਟ ਯੂਨਮ ਦੀ ਚੋਟੀ ’ਤੇ ਪਹੁੰਚਿਆ। ਇਸ ਦੌਰਾਨ ਉਸ ਨੇ ਘੱਟ ਆਕਸੀਜਨ, ਮਾਈਨਸ 5 ਡਿਗਰੀ ਸੈਲਸੀਅਸ ਤਾਪਮਾਨ, ਤੇਜ਼ ਹਵਾਵਾਂ ਅਤੇ ਉੱਚਾਈ ਦੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ।
ਅਪਣੀ ਇਸ ਸਫ਼ਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਤੇਗਬੀਰ ਨੇ ਕਿਹਾ, ‘‘ਮੈਂ ਇਸ ਮੁਹਿੰਮ ਲਈ ਬਹੁਤ ਤਿਆਰੀ ਕੀਤੀ ਸੀ। ਮੈਨੂੰ ਪਤਾ ਸੀ ਕਿ ਇਹ ਮੁਸ਼ਕਲ ਹੋਵੇਗੀ, ਪਰ ਮੈਂ ਅਪਣੇ ਪਿਤਾ ਨਾਲ ਮਿਲ ਕੇ ਚੋਟੀ ’ਤੇ ਪਹੁੰਚ ਗਿਆ। ਘੱਟ ਆਕਸੀਜਨ ਦੇ ਬਾਵਜੂਦ ਮੈਂ ਹਿੰਮਤ ਨਹੀਂ ਹਾਰੀ।’’ ਤੇਗਬੀਰ ਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਦਸਿਆ ਕਿ ਇਸ ਮੁਹਿੰਮ ਦੀ ਤਿਆਰੀ ਕਰੀਬ ਛੇ ਮਹੀਨੇ ਪਹਿਲਾਂ ਸ਼ੁਰੂ ਕਰ ਦਿਤੀ ਗਈ ਸੀ। ਸੇਵਾਮੁਕਤ ਕੋਚ ਬਿਕਰਮਜੀਤ ਸਿੰਘ ਘੁੰਮਣ ਦੀ ਰਹਿਨੁਮਾਈ ਹੇਠ ਤੇਗਬੀਰ ਨੂੰ ਉਚਾਈ ਦੀ ਬਿਮਾਰੀ ਨਾਲ ਨਜਿੱਠਣ, ਦਿਲ ਅਤੇ ਫ਼ੇਫੜਿਆਂ ਦੀ ਸਮਰੱਥਾ ਵਧਾਉਣ ਲਈ ਵਿਸ਼ੇਸ਼ ਸਿਖਲਾਈ ਦਿਤੀ ਗਈ।
ਇਸ ਦੇ ਨਾਲ-ਨਾਲ ਖੁਰਾਕ ਅਤੇ ਹਫ਼ਤਾਵਾਰੀ ਟਰੈਕਿੰਗ ’ਤੇ ਵੀ ਖਾਸ ਧਿਆਨ ਦਿਤਾ ਗਿਆ। ਤੇਗਬੀਰ ਦੀ ਮਾਤਾ ਅਤੇ ਗਾਇਨੀਕੋਲੋਜਿਸਟ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਸੰਤੁਲਿਤ ਅਤੇ ਸਖ਼ਤ ਖੁਰਾਕ ਯੋਜਨਾ ਨੇ ਉਸ ਦੀ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਵੀ ਤੇਗਬੀਰ ਕਈ ਵਿਸ਼ਵ ਪਧਰੀ ਉਪਲਬਧੀਆਂ ਅਪਣੇ ਨਾਮ ਕਰ ਚੁੱਕਾ ਹੈ। ਅਪ੍ਰੈਲ 2026 ਵਿਚ ਉਹ ਨੇਪਾਲ ਦੇ 235 ਕਿਲੋਮੀਟਰ ਲੰਮੇ ਅੰਨਪੂਰਨਾ ਸਰਕਟ ਨੂੰ ਪੂਰਾ ਕਰਨ ਵਾਲਾ ਦੁਨੀਆਂ ਦਾ ਸੱਭ ਤੋਂ ਛੋਟਾ ਵਿਅਕਤੀ ਬਣਿਆ।