ਸ਼ੂਗਰ ਦੇ ਮਰੀਜ਼ਾਂ ਨੂੰ ਹਫ਼ਤੇ ਵਿਚ ਇਕ ਵਾਰ ਟੀਕਾ ਲਗਾਉਣ ਦੀ ਲੋੜ, ਕੀਮਤ 2611 ਰੁਪਏ |
ਨਵੀਂ ਦਿੱਲੀ : ਡੈਨਿਸ਼ ਫ਼ਾਰਮਾਸਿਊਟੀਕਲ ਕੰਪਨੀ ਨੋਵੋ ਨੋਰਡਿਸਕ ਨੇ ਭਾਰਤ ਵਿਚ ਅਵਿਕਲੀ (ਇਨਸੁਲਿਨ ਆਈਕੋਡੇਕ) ਲਾਂਚ ਕੀਤੀ। ਕੰਪਨੀ ਦਾ ਦਾਅਵਾ ਹੈ ਕਿ ਇਹ ਟਾਈਪ 1 ਅਤੇ ਟਾਈਪ 2 ਸ਼ੂਗਰ ਵਾਲੇ ਬਾਲਗ਼ ਮਰੀਜ਼ਾਂ ਲਈ ਹਫ਼ਤੇ ਵਿਚ ਇਕ ਵਾਰ ਦੇਣ ਵਾਲੀ ਦੁਨੀਆਂ ਦੀ ਪਹਿਲੀ ਬੇਸਲ ਇਨਸੁਲਿਨ ਹੈ।
ਇਸ ਦੇ ਆਉਣ ਨਾਲ 365 ਦਿਨ ਲੱਗਣ ਵਾਲੇ ਇਨਸੁਲਿਨ ਦੇ ਟੀਕਿਆਂ ਦੀ ਗਿਣਤੀ ਘੱਟ ਕੇ 52 ਪ੍ਰਤੀ ਸਾਲ ਹੋ ਜਾਵੇਗੀ। ਕੰਪਨੀ ਅਨੁਸਾਰ, ਅਵਿਕਲੀ ਦਾ ਉਦੇਸ਼ ਭਾਰਤ ਵਿਚ ਇਨਸੁਲਿਨ ਸ਼ੁਰੂ ਕਰਨ ਵਿਚ ਦੇਰੀ ਨੂੰ ਘਟਾਉਣਾ ਹੈ।
ਨੋਵੋ ਨੋਰਡਿਸਕ ਦਾ ਕਹਿਣਾ ਹੈ ਕਿ ਰੋਜ਼ਾਨਾ ਟੀਕਿਆਂ ਦਾ ਡਰ ਮਰੀਜ਼ਾਂ ਵਿਚ ਇਨਸੁਲਿਨ ਥੈਰੇਪੀ ਸ਼ੁਰੂ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਹੈ, ਜਿਸ ਕਾਰਨ ਔਸਤਨ ਸੱਤ ਤੋਂ ਨੌਂ ਸਾਲ ਦੀ ਦੇਰੀ ਹੁੰਦੀ ਹੈ। ਕੰਪਨੀ ਨੇ 2611 ਰੁਪਏ ਵਿਚ 700-ਯੂਨਿਟ ਪੈਕ ਲਾਂਚ ਕੀਤਾ ਹੈ।
ਇਸ ਦਾ ਮਤਲਬ ਹੈ ਕਿ ਇਸ ਦੀ ਕੀਮਤ ਪ੍ਰਤੀ ਯੂਨਿਟ 3.73 ਰੁਪਏ ਹੋਵੇਗੀ, ਜੋ ਕਿ ਮੌਜੂਦਾ ਰੋਜ਼ਾਨਾ ਬੇਸਲ ਇਨਸੁਲਿਨ ਨਾਲੋਂ 30 ਤੋਂ 40 ਪ੍ਰਤੀਸ਼ਤ ਸਸਤਾ ਦਸਿਆ ਜਾਂਦਾ ਹੈ। ਜੇਕਰ ਕਿਸੇ ਮਰੀਜ਼ ਨੂੰ ਰੋਜ਼ਾਨਾ 10 ਯੂਨਿਟ ਇਨਸੁਲਿਨ ਦੀ ਲੋੜ ਹੁੰਦੀ ਹੈ, ਤਾਂ ਉਸ ਨੂੰ ਹਰ ਹਫ਼ਤੇ 70 ਯੂਨਿਟ ਇਨਸੁਲਿਨ ਦੀ ਲੋੜ ਪਵੇਗੀ, ਜਿਸ ਦੀ ਕੀਮਤ ਲਗਭਗ 261 ਰੁਪਏ ਪ੍ਰਤੀ ਹਫ਼ਤਾ ਹੋਵੇਗੀ। (ਏਜੰਸੀ)