ਹਰਿਆਣਾ CM ਨਾਇਬ ਸੈਣੀ ਦੇ ਦਫ਼ਤਰ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ |




ਅੰਬਾਲਾ-ਦਿੱਲੀ ਰੇਲਵੇ ਟ੍ਰੈਕ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ | 


ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ ਚੰਡੀਗੜ੍ਹ ਦੇ ਕਈ ਪ੍ਰਮੁੱਖ ਸਕੂਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਚੰਡੀਗੜ੍ਹ ਪੁਲਿਸ, ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਹਾਈ ਅਲਰਟ ਮੋਡ 'ਤੇ ਆ ਗਈਆਂ ਹਨ। ਧਮਕੀ ਭਰੀ ਈਮੇਲ ਵਿੱਚ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ (ਸੈਕਟਰ-37ਬੀ ਤੇ 37ਡੀ), ਕੇਂਦਰੀ ਵਿਦਿਆਲਿਆ (ਸੈਕਟਰ-47), ਵਿਵੇਕ ਹਾਈ ਸਕੂਲ (ਸੈਕਟਰ-38), ਸੈਕਰਡ ਹਾਰਟ ਸਕੂਲ (ਸੈਕਟਰ-26), ਸਟ੍ਰਾਬੇਰੀ ਫੀਲਡਸ ਹਾਈ ਸਕੂਲ (ਸੈਕਟਰ-26), ਡੀਪੀਐਸ (ਸੈਕਟਰ-40) ਅਤੇ ਕਾਰਮਲ ਕਾਨਵੈਂਟ ਸਕੂਲ (ਸੈਕਟਰ-9) ਵਰਗੇ ਨਾਮੀ ਸਕੂਲਾਂ ਦਾ ਜ਼ਿਕਰ ਹੈ।

ਈਮੇਲ ਵਿਚ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ (CMO) ਸਮੇਤ ਅੰਬਾਲਾ-ਦਿੱਲੀ ਰੇਲਵੇ ਟ੍ਰੈਕ ਨੂੰ ਵੀ ਨਿਸ਼ਾਨਾ ਬਣਾਉਣ ਅਤੇ ਬੰਬ-ਗ੍ਰੇਨੇਡ ਧਮਾਕੇ ਕਰਨ ਦੀ ਗੱਲ ਕਹੀ ਗਈ ਹੈ। ਮੇਲ ਵਿਚ ਦੁਪਹਿਰ 1:11 ਵਜੇ ਸਕੂਲਾਂ ਵਿਚ ਧਮਾਕੇ ਕਰਨ ਦੀ ਚੇਤਾਵਨੀ ਦਿਤੀ ਗਈ ਸੀ। ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਅਤੇ ਸਥਾਨਕ ਪੁਲਿਸ ਟੀਮਾਂ ਤੁਰੰਤ ਸਾਰੇ ਸਬੰਧਤ ਸਕੂਲਾਂ ਵਿੱਚ ਪਹੁੰਚ ਗਈਆਂ। ਪੁਲਿਸ ਵਲੋਂ ਸਕੂਲ ਦੀਆਂ ਇਮਾਰਤਾਂ, ਕਲਾਸਰੂਮਾਂ, ਪਾਰਕਿੰਗ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਦਾ ਸਾਈਬਰ ਸੈੱਲ ਇਸ ਈਮੇਲ ਦੇ ਸਰੋਤ, ਆਈਪੀ ਐਡਰੈੱਸ (IP Address) ਅਤੇ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁਟ ਗਿਆ ਹੈ। ਪੁਲਿਸ ਅਤੇ ਬਾਲ ਅਧਿਕਾਰ ਕਮਿਸ਼ਨ ਨੇ ਮਾਪਿਆਂ ਅਤੇ ਬੱਚਿਆਂ ਨੂੰ ਘਬਰਾਉਣ ਦੀ ਬਜਾਏ ਸ਼ਾਂਤੀ ਬਣਾਈ ਰੱਖਣ ਅਤੇ ਪ੍ਰਸ਼ਾਸਨ 'ਤੇ ਭਰੋਸਾ ਰੱਖਣ ਦੀ ਅਪੀਲ ਕੀਤੀ ਹੈ। ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੇ ਦੇਖਣ 'ਤੇ ਤੁਰੰਤ ਪੁਲਿਸ ਕੰਟਰੋਲ ਰੂਮ (112) ਨੂੰ ਸੂਚਿਤ ਕਰੋ।