ਭਲਕੇ ਕਤਰ ’ਚ ਫਿਰ ਹੋਵੇਗੀ ਗੱਲਬਾਤ, ਹੋਰਮੁਜ਼ ਤੋਂ ਜਹਾਜ਼ਾਂ ਦਾ ਲੰਘਣਾ ਜਾਰੀ ਰਹੇਗਾ |
ਅਮਰੀਕਾ ਅਤੇ ਇਰਾਨ ਨੇ ਫਿਲਹਾਲ ਇੱਕ-ਦੂਜੇ 'ਤੇ ਫ਼ੌਜੀ ਹਮਲੇ ਰੋਕਣ 'ਤੇ ਸਹਿਮਤੀ ਜਤਾਈ ਹੈ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ 3 ਦਿਨਾਂ ਤੋਂ ਹਮਲੇ ਜਾਰੀ ਸਨ। ਅਮਰੀਕੀ ਅਧਿਕਾਰੀਆਂ ਅਨੁਸਾਰ ਅਮਰੀਕਾ-ਇਰਾਨ ਵਿਚਾਲੇ 17 ਜੂਨ ਨੂੰ ਹੋਏ ਸਮਝੌਤੇ ਦੇ ਸਾਰੇ ਨੁਕਤਿਆਂ 'ਤੇ ਗੱਲਬਾਤ ਜਾਰੀ ਰਹੇਗੀ। ਇਸੇ ਸਿਲਸਿਲੇ ਵਿੱਚ ਮੰਗਲਵਾਰ ਨੂੰ ਕਤਰ ਵਿੱਚ ਦੋਵਾਂ ਦੇਸ਼ਾਂ ਦੇ ਨੁਮਾਇੰਦੇ ਤਕਨੀਕੀ ਪੱਧਰ ਦੀ ਗੱਲਬਾਤ ਕਰਨਗੇ।
ਸਮਝੌਤੇ ਤਹਿਤ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਨਹੀਂ ਰੋਕੀ ਜਾਵੇਗੀ। ਹਾਲ ਹੀ ਦੇ ਦਿਨਾਂ ਵਿੱਚ ਇਸੇ ਜਲਮਾਰਗ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ। ਅਮਰੀਕਾ ਨੇ ਇਰਾਨ ਦੇ ਮਿਜ਼ਾਈਲ ਅਤੇ ਰਡਾਰ ਟਿਕਾਣਿਆਂ 'ਤੇ ਕਾਰਵਾਈ ਕੀਤੀ ਸੀ, ਜਦੋਂ ਕਿ ਇਰਾਨ ਨੇ ਜਵਾਬ ਵਿੱਚ ਕੁਵੈਤ ਅਤੇ ਬਹਿਰੀਨ ਵਿੱਚ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਫਿਲਹਾਲ ਫ਼ੌਜੀ ਕਾਰਵਾਈ ਰੋਕ ਕੇ ਗੱਲਬਾਤ ਰਾਹੀਂ ਹੱਲ ਲੱਭਣ 'ਤੇ ਸਹਿਮਤੀ ਜਤਾਈ ਹੈ।