ਵਿਜ਼ਨ ਡਾਕੂਮੈਂਟ ਆਨ ਡਰੱਗ ਕੰਟਰੋਲ (2026-2029) ਕੀਤਾ ਜਾਰੀ |
ਨਵੀਂ ਦਿੱਲੀ: ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਉਂਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨ ਲਈ ਇੱਕ ਨਵੀਂ ਤਿੰਨ ਸਾਲਾ ਰਣਨੀਤੀ ਦਾ ਐਲਾਨ ਕੀਤਾ ਹੈ। ਨਾਰਕੋ-ਕੋਆਰਡੀਨੇਸ਼ਨ ਸੈਂਟਰ (NCORD) ਦੀ 10ਵੀਂ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਉਨ੍ਹਾਂ ਨੇ ‘ਵਿਜ਼ਨ ਡਾਕੂਮੈਂਟ ਆਨ ਡਰੱਗ ਕੰਟਰੋਲ (2026-2029)’ ਜਾਰੀ ਕੀਤਾ।
ਇਸ ਮੌਕੇ 'ਤੇ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ, ਅਸੀਂ ਅਗਲੇ ਤਿੰਨ ਸਾਲਾਂ ਵਿੱਚ ਪੂਰੇ ਨਸ਼ੀਲੇ ਪਦਾਰਥਾਂ ਦੇ ਵਪਾਰਕ ਜਾਲ 'ਤੇ ਇੰਨੀ ਫੈਸਲਾਕੁੰਨ ਸੱਟ ਮਾਰਾਂਗੇ ਕਿ ਇਹ ਆਉਣ ਵਾਲੇ ਦਹਾਕਿਆਂ ਤੱਕ ਸੰਭਲ ਨਹੀਂ ਸਕੇਗਾ।’’ ਉਨ੍ਹਾਂ ਨੇ ਨਸ਼ਾ ਵਿਰੋਧੀ ਅਧਿਕਾਰੀਆਂ ਨੂੰ ‘ਡਿਟੈਕਟ, ਡਿਸਰਪਟ ਐਂਡ ਡਿਸਟ੍ਰੋਏ’ (ਪਤਾ ਲਗਾਓ, ਵਿਘਨ ਪਾਓ ਅਤੇ ਨਸ਼ਟ ਕਰੋ) ਦੀ ਨੀਤੀ ਅਪਣਾਉਣ ਦਾ ਸੱਦਾ ਦਿੱਤਾ।
ਗ੍ਰਹਿ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਤਸਕਰਾਂ ਦੇ ਵਿਰੁੱਧ ਰਵੱਈਆ ਬਹੁਤ ਸਖ਼ਤ ਹੋਣਾ ਚਾਹੀਦਾ ਹੈ, ਜਦੋਂ ਕਿ ਨਸ਼ੇ ਦੇ ਸ਼ਿਕਾਰ ਲੋਕਾਂ ਪ੍ਰਤੀ ਹਮਦਰਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਸਾਡੀ ਪਹੁੰਚ ਤਕਨਾਲੋਜੀ-ਅਧਾਰਤ ਹੋਣੀ ਚਾਹੀਦੀ ਹੈ ਅਤੇ ਸਾਨੂੰ ਇੱਕ ਨਿਰਦਈ ਪਹੁੰਚ ਨਾਲ ਨੈੱਟਵਰਕ-ਕੇਂਦਰਿਤ ਯੁੱਧ ਲੜਨਾ ਪਵੇਗਾ। ਤਾਂ ਹੀ ਅਸੀਂ ਇਸ ਸਮੱਸਿਆ 'ਤੇ ਜਿੱਤ ਪ੍ਰਾਪਤ ਕਰਨ ਦੇ ਯੋਗ ਹੋਵਾਂਗੇ।’’
ਸਰਕਾਰ ਦੇ ਅੰਕੜਿਆਂ ਮੁਤਾਬਕ, ਨਸ਼ਾ ਵਿਰੋਧੀ ਮੁਹਿੰਮ ਦੀ ਪ੍ਰਭਾਵਸ਼ੀਲਤਾ ਵਿੱਚ ਭਾਰੀ ਵਾਧਾ ਹੋਇਆ ਹੈ। ਸ਼ਾਹ ਨੇ ਦੱਸਿਆ ਕਿ, ‘‘ਸਾਲ 2004 ਤੋਂ 2014 ਦਰਮਿਆਨ 26 ਲੱਖ ਕਿਲੋਗ੍ਰਾਮ ਸਿੰਥੈਟਿਕ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ, ਜਦੋਂ ਕਿ 2014 ਤੋਂ 2026 ਦੌਰਾਨ 1.18 ਕਰੋੜ ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੀ ਜਾਣਕਾਰੀ ਤੁਰਤ ਸਾਂਝੀ ਕਰਨ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੁਆਰਾ ਬਣਾਏ ਗਏ ਪੋਰਟਲਾਂ 'ਤੇ ਅਪਰਾਧਾਂ ਦੇ ਵੇਰਵੇ ਸਮੇਂ ਸਿਰ ਅਪਲੋਡ ਕਰਨ।
ਇਸ ਰਣਨੀਤੀ ਵਿੱਚ ਚਾਰ ਮੁੱਖ ਥੰਮ੍ਹਾਂ, ਲਾਗੂਕਰਨ, ਖੁਫੀਆ ਅਤੇ ਸੰਚਾਲਨ, ਸਿੰਥੈਟਿਕ ਡਰੱਗ ਨਿਯੰਤਰਣ, ਅਤੇ ਸਮਰੱਥਾ ਨਿਰਮਾਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਹ ਰਣਨੀਤੀ ‘ਪੂਰੀ ਸਰਕਾਰ’ ਅਤੇ ‘ਪੂਰੇ ਸਮਾਜ’ ਦੀ ਪਹੁੰਚ 'ਤੇ ਆਧਾਰਿਤ ਹੈ, ਤਾਂ ਜੋ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।