ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਨੌਜਵਾਨ ਝੰਡਾ ਲੈ ਕੇ ਸਟੇਜ 'ਤੇ ਚੜ੍ਹਿਆ |




ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਗੀਤਾਂ ਕਾਰਨ ਇਸ ਸਮੇਂ ਪੂਰੀ ਦੁਨੀਆਂ 'ਚ ਛਾਏ ਹੋਏ ਹਨ |

ਸੈਨ ਫ਼ਰਾਂਸਿਸਕੋ : ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਗੀਤਾਂ ਕਾਰਨ ਇਸ ਸਮੇਂ ਪੂਰੀ ਦੁਨੀਆਂ ’ਚ ਛਾਏ ਹੋਏ ਹਨ। ਇਸੇ ਦੌਰਾਨ ਉਹ ਅਪਣੇ ‘ਔਰਾ ਵਰਲਡ ਟੂਰ 2026’ ਦੇ ਇਕ ਲਾਈਵ ਸ਼ੋਅ ਦੌਰਾਨ ਅਮਰੀਕਾ ਦੇ ਸੈਨ ਫ਼ਰਾਂਸਿਸਕੋ ਪਹੁੰਚੇ, ਜਿੱਥੇ ਉਨ੍ਹਾਂ ਨੇ ਚੇਜ਼ ਸੈਂਟਰ ’ਚ ਅਪਣੀ ਗਾਇਕੀ ਨਾਲ ਚਾਰ ਚੰਨ ਲਾਏ ਪਰ ਇਸ ਸ਼ੋਅ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਇਕ ਵੱਡੀ ਚਰਚਾ ਛੇੜ ਦਿਤੀ ਹੈ।

ਜਦੋਂ ਦਿਲਜੀਤ ਸ਼ੋਅ ਦੌਰਾਨ ਗੀਤ ਗਾ ਰਹੇ ਸਨ ਤਾਂ ਇਕ ਨੌਜਵਾਨ, ਜਿਸ ਦੇ ਹੱਥ ’ਚ ਖ਼ਾਲਿਸਤਾਨੀ ਝੰਡਾ ਸੀ, ਸੁਰੱਖਿਆ ਘੇਰਾ ਤੋੜ ਕੇ ਸਟੇਜ ’ਤੇ ਜਾ ਚੜਿ੍ਹਆ ਤੇ ਦਿਲਜੀਤ ਦੇ ਇਕ ਦਮ ਕੋਲ ਜਾ ਕੇ ਉਹ ਝੰਡਾ ਲਹਿਰਾਉਣ ਲੱਗ ਪਿਆ। ਹਾਲਾਂਕਿ ਜਿਵੇਂ ਹੀ ਨੌਜਵਾਨ ਸਟੇਜ ’ਤੇ ਪਹੁੰਚਿਆ ਤਾਂ ਇਸ ਦੇ ਕੁੱਝ ਹੀ ਸਮੇਂ ਬਾਅਦ ਸਕਿਉਰਟੀ ਗਾਰਡਾਂ ਨੇ ਆ ਕੇ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਚੁੱਕ ਕੇ ਸਟੇਜ ਤੋਂ ਹੇਠਾਂ ਲੈ ਗਏ।

ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਦਿਲਜੀਤ ਦੇ ਸ਼ੋਅ ’ਚ ਖ਼ਾਲਿਸਤਾਨ ਸਮਰਥਕ ਆ ਵੜੇ ਹੋਣ, ਇਸ ਤੋਂ ਪਹਿਲਾਂ ਵੀ ਕਈ ਵਾਰ ਦਿਲਜੀਤ ਦੇ ਸ਼ੋਅ ’ਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦਿਲਜੀਤ ਨੇ ਵੀ ਇਕ ਵਾਰ ਅਪਣੇ ਸ਼ੋਅ ’ਚ ਇੱਥੋਂ ਤਕ ਕਹਿ ਦਿਤਾ ਸੀ ਕਿ ਸ਼ੋਅ ’ਚ ਖ਼ਰਾਬੀ ਕਰਨ ਵਾਲਿਆਂ ਨੂੰ ਚੁੱਕ ਕੇ ਬਾਹਰ ਸੁੱਟਿਆ ਜਾਵੇ।     (ਏਜੰਸੀ)