International Yoga Day 2026: ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਵਿਸ਼ੇਸ਼ |




ਕਸਰਤ ਇਕ ਅਜਿਹੀ ਸਰੀਰਕ ਸਰਗਰਮੀ ਹੁੰਦੀ ਹੈ, ਜੋ ਸਰੀਰ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਦੀ ਹੈ।

ਤਕਰੀਬਨ ਪੰਜ ਹਜ਼ਾਰ ਵਰਿ੍ਹਆਂ ਤੋਂ ਭਾਰਤੀ ਫ਼ਿਲਾਸਫ਼ੀ ਵਿਚ ‘ਯੋਗਾ’ ਇਕ ਅਧਿਆਤਮਕ ਅੰਗ ਬਣਿਆ ਰਿਹਾ ਹੈ। ਯੋਗਾ ਦਾ ਮੁੱਖ ਉਦੇਸ਼ ਮਨੁੱਖ ਅੰਦਰਲੀਆਂ ਅਧਿਆਤਮਕ ਅਤੇ ਮਨੋ ਸ਼ਕਤੀਆਂ ਨੂੰ ਉਜਾਗਰ ਕਰਨਾ ਰਿਹਾ ਹੈ। ਅੱਜ ਉਦਯੋਗੀਕਰਨ ਤੇ ਤੇਜ਼ ਰਫ਼ਤਾਰ ਜੀਵਨ ਸ਼ੈਲੀ ਕਾਰਨ, ਯੋਗਾ ਲੋਕਾਂ ਵਿਚ ਮਾਨਸਿਕ ਤਣਾਓ, ਚਿੰਤਾ, ਢਹਿੰਦੀ ਕਲਾ ਜਾਂ ਘੋਰ ਉਦਾਸੀ ਜਿਹੀਆਂ ਅਲਾਮਤਾਂ ਦੇ ਖ਼ਿਲਾਫ਼ ਲੜਾਈ ਲੜਨ ਵਿਚ ਸਹਾਈ ਹੋਣ ਕਰ ਕੇ, ਹਰਮਨ ਪਿਆਰਾ ਬਣਦਾ ਜਾ ਰਿਹਾ ਹੈ। ਅਧਿਆਤਮਕ ਪੱਖ ਤੋਂ ਇਲਾਵਾ ਯੋਗਾ ਦੇ ਸਾਨੂੰ ਕਈ ਸਰੀਰਕ ਫ਼ਾਇਦੇ ਵੀ ਹਨ। ਇਹ ਸਰੀਰ ਵਿਚ ਰਸਾਇਣਾਂ ਦੇ ਉਤਪੰਨ ਹੋਣ ਅਤੇ ਉਨ੍ਹਾਂ ਦੇ ਤੇਜ਼ ਵਹਾਅ ਵਿਚਾਲੇ ਇਕ ਮਹੱਤਵਪੂਰਨ ਕੜੀ ਦੀ ਭੂਮਿਕਾ ਨਿਭਾਉਂਦਾ ਹੈ। ਇਹ ਰਸਾਇਣ ਸਾਡੇ ਮਨ ਅਤੇ ਸਰੀਰ ਦੋਹਾਂ ਨੂੰ ਪ੍ਰਭਾਵਤ ਕਰਦੇ ਹਨ। ਅੱਜ ‘ਯੋਗਾ ਦਿਵਸ’ ਹੈ। ਆਓ ਆਪਾਂ ਯੋਗਾ ਪਿੱਛੇ ਕੰਮ ਕਰਦੇ ਵਿਗਿਆਨ ਦੀਆਂ ਪਰਤਾਂ ਨੂੰ ਫਰੋਲਣ ਦਾ ਯਤਨ ਕਰੀਏ।

ਕਸਰਤ ਇਕ ਅਜਿਹੀ ਸਰੀਰਕ ਸਰਗਰਮੀ ਹੁੰਦੀ ਹੈ, ਜੋ ਸਰੀਰ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਦੀ ਹੈ। ਸਰੀਰ ਅੰਦਰਲੀਆਂ ਕ੍ਰਿਆਵਾਂ ਨੂੰ ਸੁਚਾਰੂ ਰੂਪ ਵਿਚ ਕਾਰਜਸ਼ੀਲ ਬਣਾਉਂਦੀ ਹੈ। ਕਸਰਤ ਕਰਨ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਸਰੀਰ ਦਾ ਭਾਰ ਘਟਾਉਣ ਲਈ, ਪੱਠੇ ਮਜ਼ਬੂਤ ਬਨਾਉਣ ਲਈ, ਦਿਲ ਦਾ ਕਾਰਡੀਓ ਵੈਸਕੂਲਰ ਪ੍ਰਬੰਧ ਠੀਕ ਰੱਖਣ ਲਈ ਆਦਿ। ‘ਯੋਗਾ’ ਪੁਰਾਤਨ ਸਮੇਂ ਤੋਂ ਕੀਤਾ ਜਾਂਦਾ ਇਕ ਸਰੀਰਕ ਅਭਿਆਸ ਹੈ, ਜਿਸ ਵਿਚ ਵੱਖ ਵੱਖ ਢੰਗ ਨਾਲ ਆਸਣ, ਇਕਾਗਰਤਾ, ਡੂੰਘੇ ਸਾਹ ਲੈਣ ਆਦਿ ਕਿਰਿਆਵਾਂ ਸ਼ਾਮਲ ਹੁੰਦੀਆਂ ਹਨ। ਯੋਗਾ ਦਾ ਲਗਾਤਾਰ ਅਭਿਆਸ ਸਰੀਰ ਵਿਚ ਲਚਕਤਾ, ਤੰਦਰੁਸਤੀ, ਤਾਕਤ, ਧੀਰਜ, ਸ਼ਾਂਤੀ ਨੂੰ ਪ੍ਰੋਤਸਾਹਤ ਕਰਦਾ ਹੈ। ਹੱਡੀਆਂ ਦੀ ਮਜ਼ਬੂਤੀ, ਜੋੜਾਂ ਦੇ ਸਹੀ ਕੰਮ ਕਰਨ ਅਤੇ ਜੋੜਾਂ ਦੀ ਸਥਿਰਤਾ ਲਈ ਵੀ ਇਸ ਨੂੰ ਸਹਾਇਕ ਮੰਨਿਆ ਗਿਆ ਹੈ। ਆਧੁਨਿਕ ਯੋਗਾ ਦੇ ਵਿਗਿਆਨ ਦਾ ਸਰੀਰਕ ਵਿਗਿਆਨ (ਅਨੌਟਮੀ) ਤੇ ਮਨੋਵਿਗਿਆਨ ਦੀ ਤਰ੍ਹਾਂ ਇਕ ਵਿਗਿਆਨਿਕ ਧਰਾਤਲ ਹੈ।

ਪਰ ਯੋਗਾ ਦਾ ਸੰਕਲਪ ਅਤੇ ਪ੍ਰਭਾਵ ਕਿਸੇ ਹੱਦ ਤਕ ਹੋਰ ਸਰੀਰਕ ਕਸਰਤਾਂ ਨਾਲੋਂ ਭਿੰਨ ਹੈ। ਘਰ ਤੋਂ ਬਾਹਰ ਜਿੰਮ ਬਗੈਰਾ ਵਿਚ ਕਸਰਤ ਕਰਨ ਜਾਣ ਦੇ ਅਲੱਗ ਕਾਰਨ ਵੀ ਹੋ ਸਕਦੇ ਹਨ ਜਿਵੇਂ ਸਮਾਜਕ ਮੇਲ ਜੋਲ, ਅਪਣੇ ਸਰੀਰ ਦੀ ਦਿੱਖ ਵਿਚ ਹੋਰਨਾਂ ਦੇ ਮੁਕਾਬਲੇ ਤੁਲਨਾਤਮਕ ਸੁਧਾਰ ਲਿਆਉਣਾ, ਮਾਨਸਕ ਸਿਹਤ ਵਧਾਉਣਾ ਆਦਿ। ਕਸਰਤ ਕਿਸੇ ਮਣਸ਼ੇ ਨੂੰ ਮੂਹਰੇ ਰੱਖ ਕੇ, ਸਹੀ ਚੋਣ ਕਰ ਕੇ ਅਤੇ ਉਮਰ ਦੇ ਲਈ ਢੁਕਵੀਂ ਵੇਖ ਕੇ ਕੀਤੀ ਜਾਂਦੀ ਹੈ। ਯੋਗਾ ਕਸਰਤ ਨਾਲੋਂ ਵੱਖਰਾ ਹੁੰਦਾ ਹੈ। ਇਸ ਵਿਚ ਅਲੱਗ ਤਰ੍ਹਾਂ ਦੀਆਂ ਲੰਬੀਆਂ ਸਰੀਰਕ ਖਿੱਚਾਂ ਵੀ ਸ਼ਾਮਲ ਹੁੰਦੀਆਂ ਹਨ। ਸਰੀਰਕ ਪਕੜ ਅਤੇ ਢਿੱਲ ਹੁੰਦੀ ਹੈ। ਇਹ ਇਸ ਦੀ ਤਣਾਅ ਤੋਂ ਮੁਕਤੀ ਦਵਾਉਣ ਵਾਲੀ ਯੋਗਤਾ ਨੂੰ ਦਰਸਾਉਂਦਾ ਹੈ।

ਚਿੰਤਨ, ਧਿਆਨ ਜਾਂ ਮੈਡੀਟੇਸ਼ਨ ਅਤੇ ਯੋਗੇ ਦੇ ਆਪੋ ਅਪਣੇ ਵੱਖਰੇ ਪ੍ਰਭਾਵ ਹੁੰਦੇ ਹਨ। ਸਾਡੇ ਯੋਗਾ ਸਕੂਲਾਂ ਵਿਚ ਮੈਡੀਟੇਸ਼ਨ ਅਤੇ ਯੋਗਾ ਨੂੰ ਰਲਗੱਡ ਕਰ ਲਿਆ ਗਿਆ ਹੈ। ਮਨੋਵਿਗਿਆਨਕ ਪ੍ਰਸਥਿਤੀਆਂ ਵਿਚ ਜਿਵੇਂ ਪੋਸਟ ਟਰਾਓਮੈਟਿਕ ਸਟ੍ਰੈਸ ਡਿਸਆਰਡਰ ਵਿਚ ਯੋਗਾ ਬਿਹਤਰ ਮੰਨਿਆਂ ਜਾਂਦਾ ਹੈ। ਭਾਵੇਂ ਇਸ ਦੇ ਹੱਕ ਵਿਚ ਅਜੇ ਪ੍ਰਮਾਣ ਅਤੇ ਦਲੀਲਾਂ ਬੜੀਆਂ ਘੱਟ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਵਿਸ਼ੇਸ਼ ਫ਼ਾਇਦਿਆਂ ਦਾ ਜ਼ਿਕਰ ਕਰ ਕੇ ਯੋਗਾ ਝੂਠੇ ਵਿਗਿਆਨਕ ਦਾਅਵੇ ਵੀ ਕਰਦਾ ਹੈ ਕਿ ਇਹ ਹੋਰ ਸਰੀਰਕ ਕਸਰਤਾਂ ਨਾਲੋਂ ਵੱਧ ਕਾਰਗਰ ਹੈ। ਕਈ ਇਹ ਵੀ ਦਾਅਵਾ ਕਰਦੇ ਹਨ ਕਿ ਇਹ ਖ਼ਾਸ ਸਰੀਰਕ ਅੰਗਾਂ ’ਤੇ ਪ੍ਰਭਾਵ ਪਾਉਂਦਾ ਹੈ। ਜਿਵੇਂ ਕਿ ਅੱਗੇ ਝੁਕਣ ਨਾਲ ਲਿਵਰ ’ਚੋਂ ਜ਼ਹਿਰੀਲਾ ਮਾਦਾ ਬਾਹਰ ਨਿਕਲ ਜਾਂਦਾ ਹੈ। ਇਹ ਬਿਲਕੁਲ ਬੇ-ਬੁਨਿਆਦ ਦਲੀਲ ਹੈ। ਖੋਜੀਆਂ ਨੂੰ ਯੋਗਾ ਦੇ ਪ੍ਰਭਾਵਾਂ ਤੇ ਉੱਚ ਪੱਧਰ ਦਾ ਗੁਣਾਤਮਕ ਅਧਿਐਨ ਕੀਤੇ ਜਾਣ ਦੀ ਜ਼ਰੂਰਤ ਹੈ।

ਨਿਊਰੋਲੋਜਿਟ ਤੇ ਸਸੈਪਟਿਕ ਸਟੀਵਨ ਨੋਵੇਲੇ ਇਸ਼ਾਰਾ ਕਰਦਾ ਹੈ ਕਿ ਯੋਗ ਦਾ ਅਧਿਆਤਮਕ ਪੱਖ ਵੀ ਹੈ। ਇਸ ਕਰ ਕੇ ਇਹ ਵਿਗਿਆਨ ਨੂੰ ਸੂਡੋ ਸਾਇੰਸ ਅਤੇ ਰਹੱਸਵਾਦ ਨਾਲ ਰਲਗੱਡ ਕਰ ਕੇ ਸਾਇੰਸ ਹੋਣ ਦਾ ਦਾਅਵਾ ਤਾਂ ਕਰਦਾ ਹੈ ਪਰ ਸਾਇੰਸ ਹੈ ਨਹੀਂ। ਕਿੰਨੀ ਹਾਸੋਹੀਣੀ ਮਿਸਾਲ ਹੈ ਕਿ ਅੱਗੇ ਨੂੰ ਝੁੱਕਣ ਨਾਲ ਪੈਨਕਰੀਆਜ ਅਤੇ ਲਿਵਰ ’ਚੋਂ ਟੌਕਸਿਨ ਨੁੱਚੜ ਕੇ ਬਾਹਰ ਨਿਕਲ ਜਾਂਦਾ ਹੈ।

ਕੀ ਯੋਗਾ ਵਿਗਿਆਨਕ ਤੌਰ ’ਤੇ ਪ੍ਰਵਾਣਤ ਹੈ?
ਇਸ ਖੇਤਰ ਦੇ ਵਿਗਿਆਨੀਆਂ ਨੇ ਸਖ਼ਤ ਅਧਿਐਨ ਮਗਰੋਂ ਕਈ ਫ਼ਾਇਦੇ ਦ੍ਰਿਸ਼ਟੀਗੋਚਰ ਕੀਤੇ ਹਨ। ਦੇਖਿਆ ਗਿਆ ਕਿ ਯੋਗਾ ਦਿਲ ਦੀ ਸਿਹਤ ਨੂੰ ਸੁਧਾਰਦਾ ਹੈ। ਫ਼ੇਫ਼ੜਿਆਂ ਦੀ ਸਮਰੱਥਾ ਨੂੰ ਚੰਗੇਰਾ ਬਣਾਉਂਦਾ ਹੈ। ਤਣਾਓ ਨੂੰ ਘੱਟ ਕਰਦਾ ਹੈ। ਉਪਰੋਕਤ ਕਾਰਕ ਮਨੁੱਖ ਦੀ ਜ਼ਿੰਦਗੀ ਨੂੰ ਲੰਬੀ ਕਰਦੇ ਹਨ। ਤੁਸੀਂ ਸਿਹਤਮੰਦ ਬੁਢਾਪਾ ਜਿਉਂਦੇ ਹੋ। ਯੋਗਾ ਇਕ ਆਰਟ ਵੀ ਹੈ ਅਤੇ ਵਿਗਿਆਨ ਵੀ। ਇਹ ਵਿਗਿਆਨ ਹੈ ਜੋ ਸਰੀਰ ਅਤੇ ਆਤਮਾ ਨੂੰ ਫ਼ਾਇਦਾ ਪਹੁੰਚਾਂਦਾ ਹੈ। ਇਹ ਇਕ ਕਲਾ ਹੈ, ਇਕ ਅਭਿਆਸ ਹੈ ਜੋ ਮਨ, ਸਰੀਰ ਅਤੇ ਆਤਮਾ ਦਾ ਆਪਸ ਵਿਚ ਤਾਲਮੇਲ ਬਿਠਾਉਣਾ ਹੈ। ਸਭ ਤੋਂ ਉੱਪਰ ਅਸੀਂ ਯੋਗੇ ਨੂੰ ਕਲਾ ਕਹਾਂਗੇ ਜਿਵੇਂ ਨੱਚਣ, ਸੰਗੀਤ, ਪੇਂਟਿੰਗ ਵਾਂਗ।

ਯੋਗ ਦੇ ਵਿਗਿਆਨਕ ਪ੍ਰਮਾਣ
ਆਮ ਸਰੀਰਕ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦਿਆਂ ਬੜੀ ਘੱਟ ਖੋਜਬੀਨ ਅਜੇ ਤਕ ਹੋਈ ਹੈ ਜਿਵੇਂ ਕਿ ਤਣਾਅ ਘਟਾ ਕੇ, ਨੀਂਦ ਵਿਚ ਸੁਧਾਰ। ਪਰ ਖੋਜ ਵਿਚ ਇਕਸਾਰਤਾ ਨਹੀਂ। ਪਰ ਮੁੱਢਲੀ ਖੋਜ ਤੋਂ ਆਮ ਸਰੀਰਕ ਤੰਦਰੁਸਤੀ ਲਈ ਯੋਗ ਦੇ ਕਈ ਫ਼ਾਇਦੇ ਹਨ।

ਆਓ ਯੋਗੇ ਦੇ ਫ਼ਾਇਦਿਆਂ ਨੂੰ ਵਿਗਿਆਨਿਕ ਨਜ਼ਰੀਏ ਤੋਂ ਸੂਚੀਬੱਧ ਕਰੀਏ:
1. ਤਣਾਅ ਦੇ ਹਾਰਮੋਨਾਂ ਨੂੰ ਮੱਠਾ ਕਰਦਾ ਹੈ - ਜਦ ਸਾਡਾ ਸਰੀਰ ਵੱਧ ਤਣਾਓ ਯੁਕਤ ਹੁੰਦਾ ਹੈ, ਤਾਂ ਸਾਡੇ ਸਰੀਰ ਅੰਦਰ ਕੋਰਟੀਸੋਲ ਹਾਰਮੋਨ ਰਿਸਦਾ ਹੈ ਜੋ ਸਰੀਰ ਦੇ ਕੰਮ ਕਾਜ ਵਿਚ ਗੜਬੜ ਪੈਦਾ ਕਰਦਾ ਹੈ। ਯੋਗਾ ਤਣਾਅ ਹਾਰਮੋਨਾਂ ਦੇ ਪੱਧਰ ਨੂੰ ਘਟਾਉਂਦਾ ਹੈ ਤੇ ਸਰੀਰ ਨੂੰ ਰਾਹਤ ਪਹੁੰਚਾਂਦਾ ਹੈ।
2. ਐਂਟੀਆਕਸੀਡੈਂਟ ਪਾਚਕ ਰਸ ਰਿਸਦੇ ਹਨ: ਵਾਤਾਵਰਣ ਪ੍ਰਦੂਸ਼ਕਾ ਨਾਲ ਵਾਰ ਵਾਰ ਸੰਪਰਕ ਵਿਚ ਆਉਣ ਨਾਲ ਪਦਾਰਥਾਂ ਵਿਚ ਹੋਈ ਭੰਨ ਤੋੜ ਤੋਂ ‘ਫ੍ਰੀ ਰੈਡੀਕਲ’ ਬਣਦੇ ਹਨ ਜੋ ਕੈਂਸਰ ਅਤੇ ਕਈ ਹੋਰ ਰੋਗਾਂ ਦਾ ਕਾਰਨ ਬਣਦੇ ਹਨ। ਉਮਰ ਨੂੰ ਘਟਾਉਂਦੇ ਹਨ। ਫ੍ਰੀ ਰੈਡੀਕਲਾਂ ਦਾ ਮੁਕਾਬਲਾ, ਸਾਡੇ ਸਰੀਰ ਵਿਚ ਐਂਟੀਆਕਸੀਡੈਂਟ ਐਨਜਾਈਮ ਕਰਦੇ ਹਨ। ਯੋਗਾ ਕਰਨ ਵਾਲਿਆਂ ਵਿਚ ਇਹ ਬਹੁਤ ਹੁੰਦੇ ਹਨ। ਯੋਗਾ, ਫ੍ਰੀ ਰੈਡੀਕਲਾਂ ਤੋਂ ਹੋਣ ਵਾਲੀ ਭੰਨ ਤੋੜ ਤੋਂ ਸਾਨੂੰ ਬਚਾਉਂਦਾ ਹੈ।

3. ਯੋਗਾ, ਪੈਰਾਸੈਪਟਿਕ ਦਿਮਾਗ ਪ੍ਰਣਾਲੀ ਤੇ ਕੋਈ ਵੱਡਾ ਤਣਾਅ ਹੋਣ ਤੋਂ ਬਾਅਦ ਸਾਨੂੰ ਸ਼ਾਂਤ ਕਰਦਾ ਹੈ ਅਤੇ ਸੰਤੁਲਨ ਪੈਦਾ ਕਰਦਾ ਹੈ।
4. ਰੋਗ ਪ੍ਰਤਿਰੋਧ ਸ਼ਕਤੀ ਸੁਧਾਰਦਾ ਹੈ। ਯੋਗਾ ਕੋਰਟੀਸੋਲ ਹਾਰਮੋਨ ਨੂੰ ਘੱਟ ਕਰਦਾ ਹੈ। ਇਸ ਹਾਰਮੋਨ ਦੀ ਬਹੁਤਾਤ ਰੋਗ ਪ੍ਰਤਿਰੋਧ ਸ਼ਕਤੀ ਨੂੰ ਖੋਰਦੀ ਹੈ। ਸਾਡੇ ਸੁਰੱਖਿਆ ਪ੍ਰਬੰਧ ਨੂੰ ਢਾਹ ਲਾਉਂਦੀ ਹੈ। ਯੋਗਾ, ਰੋਗਾਂ ਨਾਲ ਲੜਨ ਦੀ ਸਾਡੀ ਤਾਕਤ ਨੂੰ ਵਧਾਉਂਦਾ ਹੈ।
5. ਨਸ਼ੇੜੀਆਂ ਦਾ ਇਲਾਜ - ਦਿਮਾਗ ਵਿਚ ਇਕ ਰਸਾਇਣ ਹੁੰਦਾ ਹੈ - ਡੋਪਾਮਿਨ। ਇਸ ਦੇ ਪੱਧਰ ਨੂੰ ਕੰਟਰੋਲ ਕਰ ਕੇ ਇਹ ਨਸ਼ੇੜੀਆਂ ਦਾ ਇਲਾਜ ਕਰਦਾ ਹੈ।
6. ਦਿਮਾਗ ਦਾ ਆਕਾਰ ਵੱਡਾ ਕਰਦਾ - ਸਕੈਨ ਜਰੀਏ ਵਿਗਿਆਨੀਆਂ ਨੇ ਲੱਭਿਆ ਹੈ ਕਿ ਯੋਗ ਦਾ ਅਭਿਆਸ ਕਰਨ ਵਾਲਿਆਂ ਵਿਚ, ਕਸਰਤ ਨਾ ਕਰਨ ਵਾਲਿਆਂ ਨਾਲੋਂ ਵੱਧ, ਗਰੇ ਮੈਟਰ (ਦਿਮਾਗ ਦੇ ਸੈੱਲ) ਹੁੰਦਾ ਹੈ। ਜ਼ਿਆਦਾ ਘੰਟੇ ਯੋਗਾ ਕਰਨ ਨਾਲ ਦਿਮਾਗ ਦਾ ਖ਼ਾਸ ਖੇਤਰ ਵੱਡਾ ਹੋ ਜਾਂਦਾ ਹੈ।
7.  ਯੋਗਾ ਸਾਨੂੰ ਵਰਤਮਾਨ ਪ੍ਰਤੀ ਸੁਚੇਤ ਕਰਦਾ ਹੈ। ਨਾਂਹਪੱਖੀ ਵਿਚਾਰਾਂ ਤੋਂ ਚੇਤਨ ਕਰਦਾ ਹੈ। ਨਾਂਹਪੱਖੀ ਵਿਚਾਰਾਂ ਨੂੰ ਮਨ ਤੋਂ ਦੂਰ ਕਰਨ ਵਿਚ ਮਦਦ ਕਰਦਾ ਹੈ।
8. ਹੱਥਾਂ ਦੀਆਂ ਯੋਗਾ ਮੁਦਰਾਵਾਂ ਜਾਂ ਆਸਣ ਦਿਮਾਗ ਤੇ ਸਰੀਰ ਦੇ ਕਈ ਹਿੱਸਿਆਂ ਨੂੰ ਉਤੇਜਿਤ ਕਰਦੇ ਹਨ।

ਭਾਵੇਂ ਯੋਗਾ ਕਾਰਨ ਗੰਭੀਰ ਰੋਗਾਂ ਦੇ ਇਲਾਜ ਬਾਰੇ ਖੋਜ ਅਜੇ ਮੁੱਢਲੇ ਪੜਾਅ ’ਤੇ ਹੈ ਤੇ ਢੁਕਵੇਂ ਪ੍ਰਮਾਣ ਤੇ ਦਲੀਲਾਂ ਦੀ ਕਮੀ ਹੈ। ਇਸ ਦੇ ਸਰੀਰਕ ਕਸਰਤਾਂ ਵਾਲੇ ਅਤੇ ਕੁਝ ਉਪਰੋਕਤ ਸੂਚੀ ਵਿਚ ਦਰਜ਼ ਫ਼ਾਇਦੇ ਜ਼ਰੂਰ ਹਨ। ਯੋਗਾ ਵਿਚ ਸਰੀਰ ਦੇ ਝੁਕਣ ਜਾਂ ਮੋੜਨ ਵਾਲੀਆਂ ਕਸਰਤਾਂ ਹੁੰਦੀਆਂ ਹਨ। ਜਦ ਤੁਸੀਂ ਲਗਾਤਾਰ ਅੰਗ ਹਿਲਾਉਂਦੇ ਹੋ, ਸਾਹ ਲੈਂਦੇ ਹੋ, ਅੱਖਾਂ ਝਪਕਦੇ  ਹੋ, ਚਟਾਈ  ਵਿਛਾ  ਕੇ ਆਸਣ ਕਰਦੇ ਹੋ, ਤਾਂ ਤਣਾਅ ਮੁਕਤ ਹੋ ਜਾਂਦੇ ਹੋ। ਦਿਮਾਗ ਤਰੋਤਾਜ਼ਾ ਅਤੇ ਸ਼ਾਂਤ ਹੋ ਜਾਂਦਾ ਹੈ। ਖੁਸ਼ਗਵਾਰ ਜ਼ਿੰਦਗੀ ਜਿਉਂਦੇ ਹੋ। ਕਿਉਂ ਨਾ ਆਪਾਂ ਅੱਜ ਤੋਂ ਹੀ ਕਿਸੇ ਸਿਖਿਅਤ ਯੋਗਾ ਟੀਚਰ ਕੋਲ ਯੋਗਾ ਦੀ ਕਲਾਸ ਲਾਉਣ ਬਾਰੇ ਸੋਚ ਵਿਚਾਰ ਕਰੀਏ। ਸਿਹਤਮੰਦ ਜ਼ਿੰਦਗੀ ਜਿਉਣ ਵਲ ਕਦਮ ਵਧਾਈਏ।