ਦਰੁਸਤ ਹੈ ਹੇਮਕੁੰਟ ਸਾਹਿਬ ਟਰੱਸਟ ਦੀ ਅਪੀਲ |




ਕਰਨਪ੍ਰਯਾਗ ਨੇੜੇ ਸਿੱਖ ਸ਼ਰਧਾਲੂਆਂ ਤੇ ਸਥਾਨਕ ਕਾਰੋਬਾਰੀਆਂ ਦਰਮਿਆਨ ਹਿੰਸਕ ਟਕਰਾਅ ਹੋ ਗਿਆ |


ਉੱਤਰਾਖੰਡ ਦੇ ਕਸਬੇ ਕਰਨਪ੍ਰਯਾਗ ਨੇੜੇ ਮੰਗਲਵਾਰ ਨੂੰ ਸਿੱਖ ਸ਼ਰਧਾਲੂਆਂ ਤੇ ਸਥਾਨਕ ਕਾਰੋਬਾਰੀਆਂ ਦਰਮਿਆਨ ਹਿੰਸਕ ਟਕਰਾਅ ਇਕ ਮੰਦਭਾਗੀ ਘਟਨਾ ਹੈ। ਇਸ ਟਕਰਾਅ ਵਿਚ ਇਕ ਸਿੱਖ ਨੌਜਵਾਨ ਤੇ ਚਾਰ ਸਥਾਨਕ ਵਸਨੀਕ ਜ਼ਖ਼ਮੀ ਹੋਏ। ਟਕਰਾਅ ਤੋਂ ਬਾਅਦ ਰੋਹ ਵਿਚ ਆਏ ਸਥਾਨਕ ਲੋਕਾਂ ਨੇ ਬਦਰੀਨਾਥ ਹਾਈਵੇਅ ਉੱਤੇ ਚਾਰ ਘੰਟਿਆਂ ਲਈ ਆਵਾਜਾਈ ਠੱਪ ਰੱਖੀ। ਉਨ੍ਹਾਂ ਦੀ ਮੰਗ ਸੀ ਕਿ ਗੁਰਦਵਾਰਾ ਸ੍ਰੀ ਹੇਮਕੰਟ ਸਾਹਿਬ ਦੀ ਯਾਤਰਾ ਲਈ ਆਉਣ ਵਾਲੇ ਸਿੱਖ ਯਾਤਰੀਆਂ ਵਲੋਂ ਤਲਵਾਰਾਂ ਅਤੇ ਤੇਜ਼ਧਾਰ ਵਾਲੇ ਹੋਰ ਹਥਿਆਰ ਅਪਣੇ ਨਾਲ ਲਿਆਂਦੇ ਜਾਣ ਉੱਤੇ ਪਾਬੰਦੀ ਲਾਈ ਜਾਵੇ। ਇਹ ਮੰਗ ਇਸ ਆਧਾਰ ’ਤੇ ਕੀਤੀ ਗਈ ਕਿ ਉਪਰੋਕਤ ਝੜਪ ਵਿਚ ਸਿੱਖ ਯਾਤਰੀਆਂ ਨੇ ਤਲਵਾਰਾਂ ਤੇ ਛੋਟੀਆਂ ਕਿਰਪਾਨਾਂ ਦੀ ਵਰਤੋਂ ਕੀਤੀ।

ਚਮੋਲੀ ਦੇ ਜ਼ਿਲ੍ਹਾ ਅਧਿਕਾਰੀਆਂ ਵਲੋਂ ਇਸ ਮੰਗ ਉੱਤੇ ਸੰਜੀਦਗੀ ਨਾਲ ਗੌਰ ਕਰਨ ਦੇ ਭਰੋਸੇ ਤੋਂ ਬਾਅਦ ਸਥਾਨਕ ਲੋਕ ਧਰਨਾ ਸਮਾਪਤ ਕਰਨ ਲਈ ਰਾਜ਼ੀ ਹੋਏ। ਇਸ ਘਟਨਾ ਤੋਂ ਅਗਲੇ ਦਿਨ ਗੁਰਦਵਾਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਇਕ ਬਿਆਨ ਜਾਰੀ ਕਰ ਕੇ ਪੰਚ ਪੁਲੀਆ (ਕਰਨਪ੍ਰਯਾਗ) ਵਿਖੇ ਵਾਪਰੀ ਘਟਨਾ ’ਤੇ ਅਫ਼ਸੋਸ ਪ੍ਰਗਟ ਕੀਤਾ। ਨਾਲ ਹੀ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਜੂਦਾ ਯਾਤਰਾ ਪ੍ਰੋਗਰਾਮ ਦੌਰਾਨ ਅਮਨ, ਅਨੁਸ਼ਾਸਨ ਤੇ ਫਿਰਕੇਦਾਰਾਨਾ ਸਦਭਾਵ ਹਰ ਹਾਲ ਬਰਕਰਾਰ ਰੱਖਣ ਵਿਚ ਸਹਿਯੋਗ ਦੇਣ।

ਟਰੱਸਟ ਦੇ ਪ੍ਰਬੰਧਕ ਸਰਦਾਰ ਸੇਵਾ ਸਿੰਘ ਦੇ ਨਾਂਅ ’ਤੇ ਜਾਰੀ ਕੀਤੀ ਗਈ ਇਸੇ ਅਪੀਲ ਵਿਚ ਸ਼ਰਧਾਲੂਆਂ ਨੂੰ ਕਿਹਾ ਗਿਆ ਹੈ ਕਿ ਉਹ ਬੇਲੋੜੇ ਸ਼ਸਤਰ ਅਪਣੇ ਨਾਲ ਲਿਆਉਣ ਤੋਂ ਪਰਹੇਜ਼ ਕਰਨ ਅਤੇ ਅਪਣੀ ਯਾਤਰਾ ਨਾਲ ਜੁੜੀ ਸ਼ਰਧਾ ਤੇ ਮਰਿਆਦਾ ਦੀ ਪਾਲਣਾ ਦਾ ਧਿਆਨ ਉਚੇਚੇ ਤੌਰ ’ਤੇ ਰੱਖਣ। ਇਸੇ ਅਪੀਲ ਅਨੁਸਾਰ ‘‘ਸਿੱਖ ਧਰਮ ਵਿਚ ਸ਼ਸਤਰਾਂ ਦਾ ਮਹੱਤਵ ਧਰਮ ਦੀ ਰੱਖਿਆ ਲਈ ਹੈ, ਨਾ ਕਿ ਇਨ੍ਹਾਂ ਦੀ ਦੁਰਵਰਤੋਂ ਲਈ।’’ ਇਹ ਅਪੀਲ ਅਮਨ-ਕਾਨੂੰਨ ਦੀ ਵਿਵਸਥਾ ਦੇ ਪ੍ਰਸੰਗ ਵਿਚ ਇਕ ਦਰੁਸਤ ਕਦਮ ਹੈ। ਉੱਤਰਾਖੰਡ ਦੇ ਲੋਕ ਸੰਪਰਕ ਵਿਭਾਗ ਵਲੋਂ ਵੀ ਇਸ ਅਪੀਲ ਨੂੰ ਵਿਆਪਕ ਪ੍ਰਚਾਰ ਦਿਤਾ ਜਾਣਾ ਦਰਸਾਉਂਦਾ ਹੈ ਕਿ ਰਾਜ ਸਰਕਾਰ ਇਸ ਮਾਮਲੇ ਦੀ ਨਾਜ਼ੁਕਤਾ ਨੂੰ ਸਮਝਦੀ ਹੈ ਅਤੇ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੀ ਜੋ ਫ਼ਿਰਕੂ ਵੰਡੀਆਂ ਵਧਾਏ।

ਕਿਰਪਾਨ ਵਾਲੇ ਮਾਮਲੇ ’ਤੇ ਸਿੱਖ ਭਾਈਚਾਰੇ ਨੂੰ ਇਸ ਵੇਲੇ ਕੌਮਾਂਤਰੀ ਪੱਧਰ ’ਤੇ ਨਾਂਹਮੁਖੀ ਪ੍ਰਚਾਰ ਨਾਲ ਲਗਾਤਾਰ ਜੂਝਣਾ ਪੈ ਰਿਹਾ ਹੈ। ਬ੍ਰਿਟੇਨ ਵਿਚ ਦਸੰਬਰ 2025 ’ਚ 18 ਵਰਿ੍ਹਆਂ ਦੇ ਹੈਨਰੀ ਨੋਵਾਕ ਦੀ ਅੰਮ੍ਰਿਤਧਾਰੀ ਨੌਜਵਾਨ ਵਿਕਰਮ ਸਿੰਘ ਦਿਗਵਾ ਵਲੋਂ ਛੋਟੀ ਕਿਰਪਾਨ (ਸਿੱਖ ਹਲਕਿਆਂ ਅਨੁਸਾਰ ਇਰਾਨੀ ਹਥਿਆਰ ਪੇਸ਼ਕਬਜ਼) ਨਾਲ ਹੱਤਿਆ ਅਤੇ ਇਸ ਕੇਸ ਵਿਚ ਦਿਗਵਾ ਨੂੰ ਹੋਈ 21 ਵਰਿ੍ਹਆਂ ਦੀ ਕੈਦ ਤੋਂ ਉੱਭਰੇ ਵਿਵਾਦ ਨੇ ਛੋਟੀ ਕਿਰਪਾਨ ਉਪਰ ਪਾਬੰਦੀ ਦੀ ਮੰਗ ਨੂੰ ਅੱਜਕਲ੍ਹ ਚੋਖੀ ਹਵਾ ਦਿਤੀ ਹੋਈ ਹੈ। ਭਾਵੇਂ ਸਿੱਖ ਭਾਈਚਾਰੇ ਦੀਆਂ ਤਰਜਮਾਨ ਸੰਸਥਾਵਾਂ ਵਲੋਂ ਇਸ ਕੁਪ੍ਰਚਾਰ ਦਾ ਅਸਰਦਾਰ ਢੰਗ ਨਾਲ ਮੁਕਾਬਲਾ ਕੀਤਾ ਜਾ ਰਿਹਾ ਹੈ, ਫਿਰ ਵੀ ਲੋਕ-ਧਾਰਨਾਵਾਂ ਬਦਲਣ ਵਿਚ ਸਮਾਂ ਲੱਗਦਾ ਹੈ। ਇਸ ਕਿਸਮ ਦੇ ਆਲਮ ਵਿਚ ਸਿੱਖ ਭਾਈਚਾਰੇ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਅਜਿਹੀ ਹਰ ਕਾਰਵਾਈ ਤੋਂ ਬਚੇ ਜੋ ਛੋਟੀ ਕਿਰਪਾਨ ਦੇ ਕਕਾਰ ਵਾਲੇ ਸਰੂਪ ਨੂੰ ਬੇਲੋੜੇ ਵਿਵਾਦਾਂ ਵਿਚ ਉਲਝਾਏ।

ਭਾਰਤ ਵਿਚ ਸਿੱਖ ਭਾਈਚਾਰੇ ਨੂੰ ਤਿੰਨ-ਫੁੱਟੀ ਕਿਰਪਾਨ ਲੈ ਕੇ ਚੱਲਣ ਦੀ ਇਜਾਜ਼ਤ, ਸੰਵਿਧਾਨਕ ਹੱਕ ਦੇ ਰੂਪ ਵਿਚ ਹਾਸਿਲ ਹੈ। ਇਹ ਹੱਕ ਧਾਰਮਿਕ ਬਿੰਬ ਦੇ ਤੌਰ ’ਤੇ ਹੈ, ਹਥਿਆਰ ਵਜੋਂ ਵਰਤੋਂ ਵਾਸਤੇ ਨਹੀਂ। ਛੋਟੀ ਕਿਰਪਾਨ ਕਕਾਰ ਦੇ ਰੂਪ ਵਿਚ ਪਹਿਨੇ ਹੋਣ ਦੀ ਸੂਰਤ ਵਿਚ ਦੇਸ਼ ਅੰਦਾਰ ਹਵਾਈ ਯਾਤਰਾ ਕਰਨ ਦੀ ਵੀ ਖੁਲ੍ਹ ਹੈ ਬਸ਼ਰਤੇ ਉਸ ਦੀ ਧਾਰ ਤਿੱਖੇ ਚਾਕੂ ਵਰਗੀ ਨਾ ਹੋਵੇ। ਲਿਹਾਜ਼ਾ, ਭਾਈਚਾਰੇ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਅਜਿਹੀਆਂ ਖੁੱਲ੍ਹਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਹਰ ਹਰਕਤ ਤੋਂ ਬਚੇ। ਸ੍ਰੀ ਹੇਮਕੁੰਟ ਸਾਹਿਬ ਦੀ ਇਤਿਹਾਸਕ ਪ੍ਰਮਾਣਿਕਤਾ ਜਾਂ ਤੀਰਥ-ਅਸਥਾਨ ਵਾਲੀ ਅਹਿਮੀਅਤ ਉਪਰ ਪ੍ਰਸ਼ਨ-ਚਿੰਨ੍ਹ ਪਿਛਲੇ ਕਈ ਦਹਾਕਿਆਂ ਤੋਂ ਲੱਗਦੇ ਆ ਰਹੇ ਹਨ।

ਇਹ ਵੱਖਰੀ ਗੱਲ ਹੈ ਕਿ ਆਸਥਾ ਦਾ ਸੈਲਾਬ ਇਨ੍ਹਾਂ ਪ੍ਰਸ਼ਨ ਚਿੰਨ੍ਹਾਂ ਉਪਰ ਲਗਾਤਾਰ ਹਾਵੀ ਹੁੰਦਾ ਆਇਆ ਹੈ। ਇਸ ਦਾ ਅਨੁਮਾਨ ਯਾਤਰੀਆਂ ਦੀ ਗਿਣਤੀ ਵਿਚ ਸਾਲਾਨਾ ਇਜ਼ਾਫ਼ੇ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਯਾਤਰੀਆਂ ਵਿਚ ਸ਼ਾਮਲ ਸਾਰੇ ਲੋਕ ਅਕਸਰ ਪੁਰਜ਼ਬਤ ਨਹੀਂ ਹੁੰਦੇ। ਇਸੇ ਤਰ੍ਹਾਂ ਸਾਰੇ ਸਥਾਨਕ ਲੋਕ ਤੇ ਦੁਕਾਨਦਾਰ ਵੀ ਫ਼ਿਰਕੂ ਫ਼ਿਤਰਤ ਤੋਂ ਬਚੇ ਹੋਏ ਨਹੀਂ। ਇਸੇ ਕਾਰਨ ਪਿਛਲੇ ਕੁੱਝ ਵਰਿ੍ਹਆਂ ਤੋਂ ਯਾਤਰੀਆਂ ਤੇ ਸਥਾਨਕ ਲੋਕਾਂ ਦਰਮਿਆਨ ਤਕਰਾਰਾਂ ਦੇ ਮਾਮਲੇ ਲਗਾਤਾਰ ਵਾਪਰਦੇ ਆ ਰਹੇ ਹਨ। ਜਿੰਨਾ ਵੀ ਸੰਭਵ ਹੋਵੇ, ਇਨ੍ਹਾਂ ਤੋਂ ਬਚਿਆ ਜਾਣਾ ਚਾਹੀਦਾ ਹੈ। ਧਰਮ-ਸਥਾਨਾਂ ਦੀ ਯਾਤਰਾ ਫ਼ਿਰਕੂ ਕਸ਼ੀਦਗੀ ਦੀ ਵਜ੍ਹਾ ਨਹੀਂ ਬਣਨੀ ਚਾਹੀਦੀ।