ਇਹ ਤਿੰਨੋਂ ਅਗਨੀ ਕਾਂਡ ਬਹੁਮੰਜ਼ਿਲਾ ਇਮਾਰਤਾਂ ਵਿਚ ਅੱਗ ਸਬੰਧੀ ਸਿਗਨਲ ਪ੍ਰਣਾਲੀ ਅਤੇ ਬਚਾਅ ਦੇ ਪ੍ਰਬੰਧਾਂ ਦੀ ਅਣਹੋਂਦ ਕਾਰਨ ਵਾਪਰੇ।
ਦਿੱਲੀ ਪ੍ਰਦੇਸ਼ ਵਿਚ ਜੂਨ ਮਹੀਨੇ ਦੇ ਪਹਿਲੇ 12 ਦਿਨਾਂ ਦੌਰਾਨ ਤਿੰਨ ਭਿਆਨਕ ਅਗਨੀ ਕਾਂਡ ਵਾਪਰਨੇ, ਇਮਾਰਤੀ ਸੁਰੱਖਿਆ ਨਿਯਮਾਂ ਦੀ ਮੁਕੰਮਲ ਅਣਦੇਖੀ ਦੀ ਮਿਸਾਲ ਹੋਣ ਤੋਂ ਇਲਾਵਾ ਸ਼ਹਿਰੀ ਵਿਉਂਤਬੰਦੀ ਨਾਲ ਜੁੜੇ ਮਹਿਕਮਿਆਂ ਅੰਦਰਲੇ ਭ੍ਰਿਸ਼ਟਾਚਾਰ ਦਾ ਵੀ ਸਬੂਤ ਹਨ। ਦੱਖਣੀ ਦਿੱਲੀ ਦੇ ਹੌਜ਼ ਰਾਣੀ ਇਲਾਕੇ ਵਿਚਲੇ ਇਕ ਹੋਟਲ ਵਿਚ ਵਾਪਰੇ ਅਗਨੀ ਕਾਂਡ ਤੋਂ ਨੌਂ ਦਿਨ ਬਾਅਦ ਦੱਖਣ-ਪੂਰਬੀ ਦਿੱਲੀ ਦੇ ਤੁਗ਼ਲਕਾਬਾਦ ਖੇਤਰ ਵਿਚ ਸ਼ੁੱਕਰਵਾਰ ਵੱਡੇ-ਤੜਕੇ ਛੇ ਮਜ਼ਿੰਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਜਾਨਾਂ ਚੱਲੀਆਂ ਗਈਆਂ। ਇਸੇ ਪਰਿਵਾਰ ਦੇ ਦੋ ਹੋਰ ਜੀਅ ਬੁਰੀ ਤਰ੍ਹਾਂ ਝੁਲਸ ਗਏ। ਉਹ ਜ਼ਿੰਦਗੀ ਲਈ ਲੜ ਰਹੇ ਦੱਸੇ ਜਾਂਦੇ ਹਨ।
ਇਸੇ ਇਮਾਰਤ ਦੇ ਛੇ ਹੋਰ ਵਸਨੀਕਾਂ ਨੂੰ ਅੱਗ-ਬੁਝਾਊ ਅਮਲੇ ਨੇ ਸੁਰੱਖਿਅਤ ਬਚਾ ਲਿਆ। ਗਨੀਮਤ ਇਸ ਗੱਲ ਦੀ ਰਹੀ ਕਿ ਇਮਾਰਤ ਦੇ ਗ੍ਰਾਊਂਡ ਫਲੋਰ ਵਿਚ ਅੱਗ ਦਿਸਦਿਆਂ ਹੀ ਪੁਲੀਸ ਤੇ ਫ਼ਾਇਰ ਬ੍ਰਿਗੇਡ ਨੂੰ ਕਿਸੇ ਨੇ ਸੂਚਿਤ ਕਰ ਦਿਤਾ। ਫ਼ਾਇਰ ਬ੍ਰਿਗੇਡ ਵੀ ਉਨ੍ਹਾਂ ਸਾਰੇ ਉਪਕਰਣਾਂ ਨਾਲ ਲੈਸ ਹੋ ਕੇ ਆਇਆ ਜੋ ਅੱਗ ਉੱਤੇ ਫੌਰੀ ਕਾਬੂ ਵਾਸਤੇ ਜ਼ਰੂਰੀ ਹੁੰਦੇ ਹਨ। ਅਜਿਹੀ ਮੁਸਤੈਦੀ ਦੂਜੀ ਤੋਂ ਪੰਜਵੀਂ ਮੰਜ਼ਿਲ ਦੇ ਵਸਨੀਕਾਂ ਨੂੰ ਮੌਤ ਦੇ ਮੂੰਹੋਂ ਸੁਰੱਖਿਅਤ ਬਚਾ ਲੈਣ ਵਿਚ ਸਹਾਈ ਹੋਈ। ਉਪਰੋਕਤ ਦੋਵਾਂ ਅਗਨੀ ਕਾਂਡਾਂ ਤੋਂ ਇਲਾਵਾ 5 ਜੂਨ ਨੂੰ ਗ੍ਰੇਟਰ ਕੈਲਾਸ਼ ਖੇਤਰ ਵਿਚ ਇਕ ਕਾਰੋਬਾਰੀ ਇਮਾਰਤ ਨੂੰ ਲੱਗੀ ਅੱਗ ਵਿਚ ਕਈ ਡੇਟਾ ਸੈਂਟਰਾਂ ਦੇ ਸਰਵਰਾਂ ਸਮੇਤ ਅਤਿਅੰਤ ਮਹਿੰਗੀ ਇਲੈਕਟ੍ਰਾਨਿਕ ਤੇ ਡਿਜੀਟਲ ਸਮੱਗਰੀ ਸੁਆਹ ਹੋ ਗਈ। ਇਸ ਦੁਰਘਟਨਾ ਵਿਚ ਮਾਇਕ ਨੁਕਸਾਨ ਪੰਜ ਸੌ ਕਰੋੜ ਰੁਪਏ ਤੋਂ ਵੱਧ ਮਾਲੀਅਤ ਦਾ ਹੋਇਆ। ਇਹ ਤਿੰਨੋਂ ਅਗਨੀ ਕਾਂਡ ਬਹੁਮੰਜ਼ਿਲਾ ਇਮਾਰਤਾਂ ਵਿਚ ਅੱਗ ਸਬੰਧੀ ਸਿਗਨਲ ਪ੍ਰਣਾਲੀ ਅਤੇ ਬਚਾਅ ਦੇ ਪ੍ਰਬੰਧਾਂ ਦੀ ਅਣਹੋਂਦ ਕਾਰਨ ਵਾਪਰੇ।
ਇਹ ਦਲੀਲ ਅਕਸਰ ਦਿਤੀ ਜਾਂਦੀ ਹੈ ਕਿ ਭਾਰਤ ਦੇ ਸ਼ਹਿਰੀ ਇਲਾਕਿਆਂ ਵਿਚ ਗਰਮੀਆਂ ਦੌਰਾਨ ਸਮਰਥਾ ਨਾਲੋਂ ਵੱਧ ਲੋਡ ਪੈਣ ਕਰ ਕੇ ਬਿਜਲੀ ਦੀਆਂ ਤਾਰਾਂ, ਸਵਿੱਚਾਂ ਜਾਂ ਹੋਰ ਯੰਤਰਾਂ ਦਾ ਓਵਰਹੀਟ ਹੋਣਾ ਇਕ ਕੁਦਰਤੀ ਵਰਤਾਰਾ ਹੈ। ਪਰ ਸਵਾਲ ਇਹ ਹੈ ਕਿ ਜਦੋਂ ਇਸ ਵਰਤਾਰੇ ਬਾਰੇ ਪਤਾ ਹੈ, ਤਾਂ ਇਸ ਦਾ ਹੱਲ ਲੱਭਣ ਦੇ ਉਪਾਅ ਵੀ ਪੇਸ਼ਗੀ ਤੌਰ ’ਤੇ ਕਿਉਂ ਨਹੀਂ ਕੀਤੇ ਜਾਂਦੇ? ਇਹ ਇਕ ਅਸਲੀਅਤ ਹੈ ਕਿ ਮਹਾਂਨਗਰਾਂ ਤੋਂ ਇਲਾਵਾ ਹੋਰ ਸਾਰੇ ਛੋਟੇ-ਵੱਡੇ ਸ਼ਹਿਰਾਂ ਵਿਚ ਵੀ ਇਮਾਰਤਾਂ ਨੂੰ ਅੱਗ ਲੱਗਣ ਜਾਂ ਅੱਗ ਫੈਲਣ ਦੇ ਖ਼ਤਰਿਆਂ ਤੋਂ ਬਚਾਉਣ ਵਾਲੇ ਉਪਬੰਧਾਂ ਤੇ ਪ੍ਰਬੰਧਾਂ ਨਾਲ ਲੈਸ ਕਰਨ ਦਾ ਰਿਵਾਜ ਨਾਂ-ਮਾਤਰ ਹੈ। ਮਿਉਂਸਿਪਲ ਅਧਿਕਾਰੀ ਅਜਿਹੇ ਪ੍ਰਬੰਧਾਂ ਦੀ ਅਣਹੋਂਦ ਉੱਤੇ ਗੌਰ ਕਰਨਾ ਵੀ ਵਾਜਬ ਨਹੀਂ ਸਮਝਦੇ। ਹੌਜ ਰਾਣੀ ਵਾਲੇ ਹਾਦਸੇ ਵਾਲੀ ਇਮਾਰਤ ਦਾ 3 ਜੂਨ ਵਾਲੇ ਅਗਨੀ ਕਾਂਡ ਤੋਂ ਇਕ ਦਿਨ ਪਹਿਲਾਂ ਨਿਰੀਖਣ ਹੋਇਆ ਸੀ।
ਇਹ ਨਿਰੀਖਣ ਕਿੰਨਾ ਸਤਹੀ ਸੀ, ਇਸ ਦਾ ਅੰਦਾਜ਼ਾ ਉਸ ਹਾਦਸੇ ਵਿਚ 23 ਮੌਤਾਂ ਤੋਂ ਲਾਇਆ ਜਾ ਸਕਦਾ ਹੈ। ਵੱਡੇ ਹੋਟਲਾਂ ਵਿਚ ਅਜਿਹੇ ਨੇਮਾਂ ਦੀ ਰਸਮੀ ਜਹੀ ਚੈਕਿੰਗ ਅਵੱਸ਼ ਕੀਤੀ ਜਾਂਦੀ ਹੈ, ਪਰ ਛੋਟਿਆਂ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਹੈ। ਜਿਵੇਂ ਕਿ ਹੌਜ਼ ਰਾਣੀ ਵਾਲੇ ਹਾਦਸੇ ਤੋਂ ਸਪਸ਼ਟ ਹੀ ਹੈ, ਦੁਖਾਂਤ ਅਮੂਮਨ ਛੋਟਿਆਂ ਵਿਚ ਵਾਪਰਦੇ ਹਨ। ਇਮਾਰਤੀ ਅਗਨੀ ਕਾਂਡਾਂ ਦਾ ਵਾਰ-ਵਾਰ ਵਾਪਰਨਾ, ਅਤੇ ਉਹ ਵੀ ਕੌਮੀ ਰਾਜਧਾਨੀ ਵਿਚ ਵਾਪਰਨਾ, ਭਾਰਤ ਦੇ ਅਕਸ ਨੂੰ ਢਾਹ ਲਾਉਣ ਵਾਲਾ ਸਿਲਸਿਲਾ ਹੈ। ਪ੍ਰਧਾਨ ਮੰਤਰੀ ਮੋਦੀ ਅਪਣੇ 12 ਵਰਿ੍ਹਆਂ ਦੇ ਸ਼ਾਸਨ-ਕਾਲ ਦੌਰਾਨ ਕੌਮੀ ਸੁਭਾਅ ਤੇ ਵਿਵਹਾਰ ਵਿਚਲੀਆਂ ਕਈ ਕੁਰੀਤੀਆਂ ਦੂਰ ਕਰਨ ਜਾਂ ਕਰਵਾਉਣ ਦਾ ਦਾਅਵੇ ਕਰਦੇ ਆਏ ਹਨ।
ਪਰ ਲੋਕਾਂ ਨੂੰ ਨਿਯਮਾਂ ਦਾ ਪਾਬੰਦ ਬਣਾਉਣ ਦੀ ਦਿਸ਼ਾ ਵਿਚ ਉਨ੍ਹਾਂ ਦੇ ਉਪਰਾਲੇ ਬਹੁਤੇ ਕਾਰਗਰ ਸਾਬਤ ਨਹੀਂ ਹੋਏ। ਇਮਾਰਤੀ ਨੇਮਾਂ ਨੂੰ ਲਾਗੂ ਕਰਵਾਉਣ ਵਿਚ ਨਾਕਾਮੀ ਉਪਰੋਕਤ ਅਸਫ਼ਲਤਾ ਦਾ ਸਪਸ਼ਟ ਪ੍ਰਮਾਣ ਹੈ। ਅਫ਼ਸੋਸਨਾਕ ਗੱਲ ਇਹ ਹੈ ਕਿ ਅਜਿਹੇ ਨੇਮਾਂ ਦੀ ਅਣਦੇਖੀ, ਇਮਾਰਤੀ ਨਕਸ਼ਾ ਪਾਸ ਹੁੰਦਿਆਂ ਹੀ ਸ਼ੁਰੂ ਹੋ ਜਾਂਦੀ ਹੈ। ਅਜਿਹੀ ਅਣਦੇਖੀ ਨੂੰ ਮੋੜਾ ਦਿਤੇ ਜਾਣ ਦੀ ਲੋੜ ਹੈ। ਇਨਸਾਨੀ ਜਾਨਾਂ ਬਹੁਤ ਕੀਮਤੀ ਹਨ। ਇਨ੍ਹਾਂ ਦੀ ਹਿਫ਼ਾਜ਼ਤ ਲਈ ਜਿੰਨੀ ਵੀ ਸਖ਼ਤਾਈ ਦੀ ਲੋੜ ਹੈ, ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ; ਉਹ ਵੀ, ਬਿਨਾਂ ਕਿਸੇ ਲਿਹਾਜ਼ਦਾਰੀ ਦੇ।