ਪੰਜਾਬੀ ਮੂਲ ਦੀ ਵਿਦਿਆਰਥਣ ਨੇ ਵਿਲੱਖਣ ਖੋਜ ਨਾਲ ਵੱਡੀ ਉਪਲਬਧੀ ਕੀਤੀ ਹਾਸਲ |




17 ਸਾਲ ਦੀ ਗੁਰਨੂਰ ਕੌਰ ਨੇ ਪਲਸ ਆਕਸੀਮੀਟਰ ਦੀ ਖਾਮੀ ਨੂੰ ਦੂਰ ਕਰਨ ਦਾ ਰਾਹ ਦਿਖਾਇਆ

ਓਨਟਾਰੀਓ : ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕਿਚਨਰ ਸ਼ਹਿਰ ਦੀ 17 ਸਾਲਾ ਪੰਜਾਬੀ ਮੂਲ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਆਪਣੀ ਵਿਲੱਖਣ ਖੋਜ ਨਾਲ ਕੌਮੀ ਪੱਧਰ ’ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ । ਗੁਰਨੂਰ ਨੂੰ ਐਡਮਿੰਟਨ ਵਿੱਚ ਹੋਏ ‘ਕੈਨੇਡਾ-ਵਿਆਪੀ ਸਾਇੰਸ ਫੇਅਰ’ ਵਿੱਚ ‘ਬੈੱਸਟ ਪ੍ਰੋਜੈਕਟ ਫ਼ਾਰ ਇਨੋਵੇਸ਼ਨ’ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕੈਮਰਨ ਹਾਈਟਸ ਕਾਲਜੀਏਟ ਇੰਸਟੀਚਿਊਟ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ ਦਾ ਇਹ ਪ੍ਰੋਜੈਕਟ ਸਿਹਤ ਖੇਤਰ ਵਿੱਚ ਇੱਕ ਅਹਿਮ ਸਮੱਸਿਆ ਦੇ ਹੱਲ ਨਾਲ ਜੁੜਿਆ ਹੋਇਆ ਹੈ।

ਗੁਰਨੂਰ ਦੀ ਖੋਜ ਦਾ ਮੁੱਖ ਕੇਂਦਰ ਪਲਸ ਆਕਸੀਮੀਟਰਾਂ ਵਿੱਚ ਮੌਜੂਦ ਉਸ ਤਕਨੀਕੀ ਕਮੀ ਨੂੰ ਦੂਰ ਕਰਨਾ ਹੈ, ਜਿਸ ਕਾਰਨ ਗੂੜ੍ਹੇ ਜਾਂ ਸਾਂਵਲੇ ਰੰਗ ਦੀ ਚਮੜੀ ਵਾਲੇ ਲੋਕਾਂ ਵਿੱਚ ਖ਼ੂਨ ਦੇ ਆਕਸੀਜਨ ਪੱਧਰ ਦੀ ਮਾਪ ਸਹੀ ਨਹੀਂ ਆਉਂਦੀ ਸੀ।  ਵਿਗਿਆਨੀਆਂ ਅਤੇ ਮੇਲੇ ਦੇ ਜੱਜਾਂ ਮੁਤਾਬਕ ਖ਼ੂਨ ਵਿੱਚ ਆਕਸੀਜਨ ਦੀ ਮਾਤਰਾ ਮਾਪਣ ਵਾਲੇ ਸੈਂਸਰ ਨਾਲ ਜੁੜੀ ਇਹ ਸਮੱਸਿਆ ਪਿਛਲੇ ਸਾਢੇ ਤਿੰਨ ਦਹਾਕਿਆਂ (35 ਸਾਲਾਂ) ਤੋਂ ਮੌਜੂਦ ਸੀ, ਜਿਸ ਨਾਲ ਮਰੀਜ਼ਾਂ ਦੇ ਇਲਾਜ ਅਤੇ ਨਤੀਜਿਆਂ ’ਤੇ ਮਾਰੂ ਅਸਰ ਪੈਂਦਾ ਆ ਰਿਹਾ ਸੀ। ਗੁਰਨੂਰ ਦੀ ਖੋਜ ਨੇ ਹੁਣ ਇਸ ਖ਼ਾਮੀ ਨੂੰ ਜੜ੍ਹੋਂ ਖ਼ਤਮ ਕਰਨ ਦਾ ਰਾਹ ਦਿਖਾਇਆ ਹੈ।