'ਅਸੀਂ ਵੀ ਭਾਰਤੀ ਜ਼ਮੀਨ ਉਤੇ ਕਬਜ਼ਾ ਕੀਤਾ' |
ਕਾਠਮੰਡੂ: ਨੇਪਾਲ ਅਤੇ ਭਾਰਤ ਵਿਚਾਲੇ ਚੱਲ ਰਹੇ ਪੁਰਾਣੇ ਸਰਹੱਦੀ ਵਿਵਾਦ ਦਰਮਿਆਨ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੇ ਇਕ ਬਿਆਨ ਨੇ ਵੱਡਾ ਸਿਆਸੀ ਹੰਗਾਮਾ ਖੜ੍ਹਾ ਕਰ ਦਿਤਾ ਹੈ। ਐਤਵਾਰ ਨੂੰ ਨੇਪਾਲ ਦੀ ਸੰਸਦ ਵਿਚ ਸਰਹੱਦੀ ਵਿਵਾਦ ’ਤੇ ਜਵਾਬ ਦਿੰਦਿਆਂ ਪੀ.ਐੱਮ. ਸ਼ਾਹ ਨੇ ਮੰਨਿਆ ਕਿ ਸਿਰਫ਼ ਭਾਰਤ ਨੇ ਹੀ ਨੇਪਾਲ ਦੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਬਲਕਿ ਨੇਪਾਲ ਨੇ ਵੀ ਕਈ ਥਾਵਾਂ ’ਤੇ ਭਾਰਤੀ ਖੇਤਰਾਂ ’ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੇ ਇਸ ਬਿਆਨ ਦੀ ਨੇਪਾਲ ਵਿਚ ਤਿੱਖੀ ਆਲੋਚਨਾ ਹੋ ਰਹੀ ਹੈ ਅਤੇ ਮਾਹਿਰਾਂ ਨੇ ਇਸ ਦਾਅਵੇ ਨੂੰ ਖ਼ਾਰਜ ਕਰ ਦਿਤਾ ਹੈ। ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨੇਪਾਲੀ ਪ੍ਰਧਾਨ ਮੰਤਰੀ ਨੇ ਕਿਹਾ, ‘ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ, ਜੋ ਮੈਨੂੰ ਖ਼ੁਦ ਹਾਲ ਹੀ ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਤਾ ਲਗਿਆ ਹੈ।
ਭਾਰਤ ਨੇ ਨਾ ਸਿਰਫ਼ ਨੇਪਾਲੀ ਖੇਤਰਾਂ ’ਤੇ ਕਬਜ਼ਾ ਕੀਤਾ ਹੈ ਬਲਕਿ ਨੇਪਾਲ ਨੇ ਵੀ ਕਈ ਥਾਵਾਂ ’ਤੇ ਭਾਰਤ ਦੀ ਜ਼ਮੀਨ ਦੱਬੀ ਹੋਈ ਹੈ। ਹੁਣ ਦੋਵਾਂ ਦੇਸ਼ਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਦੋਸਤਾਂ ਵਾਂਗ ਬੈਠ ਕੇ ਇਸ ਮੁੱਦੇ ਨੂੰ ਸੁਲਝਾਉਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਦਸਿਆ ਕਿ ਨੇਪਾਲ ਸਰਕਾਰ ਨੇ ਲਿਪੁਲੇਖ ਸਮੇਤ ਹੋਰ ਸਰਹੱਦੀ ਖੇਤਰਾਂ ਦੇ ਵਿਵਾਦ ਨੂੰ ਲੈ ਕੇ ਭਾਰਤ ਨੂੰ ਇਕ ਅਧਿਕਾਰਤ ਡਿਪਲੋਮੈਟਿਕ ਨੋਟ ਭੇਜਿਆ ਸੀ, ਜਿਸ ਦਾ ਜਵਾਬ ਭਾਰਤ ਵਲੋਂ ਮਿਲ ਚੁੱਕਾ ਹੈ। ਦੋਵੇਂ ਦੇਸ਼ ਹੁਣ ਇਤਿਹਾਸਕਾਰਾਂ, ਸਰਵੇਖਣਕਾਰਾਂ ਅਤੇ ਮਾਹਿਰਾਂ ਦੀ ਮਦਦ ਨਾਲ ਕੂਟਨੀਤਕ ਤਰੀਕੇ ਨਾਲ ਇਸ ਦਾ ਹੱਲ ਕੱਢਣ ਲਈ ਸਹਿਮਤ ਹੋਏ ਹਨ। ਸ਼ਾਹ ਨੇ ਇਹ ਵੀ ਦਸਿਆ ਕਿ ਇਸ ਮੁੱਦੇ ’ਤੇ ਚੀਨ ਅਤੇ ਬ੍ਰਿਟੇਨ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿਉਂਕਿ ਇਹ ਮਾਮਲਾ ਅੰਗਰੇਜ਼ਾਂ ਦੇ ਵੇਲੇ ਦਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਨੇਪਾਲੀ ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾ ਭਾਰੀ ਵਿਰੋਧ ਹੋ ਰਿਹਾ ਹੈ ਅਤੇ ਸਰਹੱਦੀ ਮਾਹਿਰਾਂ ਨੇ ਇਸ ਬਿਆਨ ਨੂੰ ਗ਼ੈਰ-ਜ਼ਿੰਮੇਵਾਰਾਨਾ ਦਸਿਆ ਹੈ। ਸਾਬਕਾ ਰਾਜਦੂਤ ਨੀਲਾਂਬਰ ਆਚਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ। ਸਰਹੱਦੀ ਪਿੱਲਰ ਗ਼ਾਇਬ ਹੋਣ ਕਾਰਨ ਕੱੁਝ ਥਾਵਾਂ ’ਤੇ ਦੋਵਾਂ ਪਾਸਿਆਂ ਦੇ ਕਿਸਾਨ ਇਕ-ਦੂਜੇ ਦੀ ਜ਼ਮੀਨ ਦੀ ਵਰਤੋਂ ਜ਼ਰੂਰ ਕਰ ਰਹੇ ਹਨ ਪਰ ਨੇਪਾਲ ਸਰਕਾਰ ਨੇ ਅਧਿਕਾਰਤ ਤੌਰ ’ਤੇ ਕੋਈ ਘੁਸਪੈਠ ਨਹੀਂ ਕੀਤੀ। 97 ਫ਼ੀ ਸਦੀ ਸਰਹੱਦੀ ਵਿਵਾਦ ਪਹਿਲਾਂ ਹੀ ਸੁਲਝ ਚੁੱਕਾ ਹੈ। ਭਾਰਤ ਵਿਚ ਨੇਪਾਲ ਦੇ ਇਕ ਹੋਰ ਸਾਬਕਾ ਰਾਜਦੂਤ ਦੀਪ ਕੁਮਾਰ ਉਪਾਧਿਆਏ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਕਿਸੇ ਵੀ ਰਿਕਾਰਡ ਵਿਚ ਨੇਪਾਲ ਵਲੋਂ ਭਾਰਤੀ ਜ਼ਮੀਨ ਹੜੱਪਣ ਦਾ ਕੋਈ ਜ਼ਿਕਰ ਨਹੀਂ ਹੈ ਅਤੇ ਨਾ ਹੀ ਕਦੇ ਭਾਰਤ ਨੇ ਅਧਿਕਾਰਤ ਤੌਰ ’ਤੇ ਇਹ ਮੁੱਦਾ ਚੁੱਕਿਆ ਹੈ। ਸਰਹੱਦੀ ਮਾਹਿਰ ਬੁੱਧੀ ਨਾਰਾਇਣ ਸ਼੍ਰੇਸ਼ਠ ਨੇ ਵੀ ਪੀ.ਐੱਮ. ਦੇ ਬਿਆਨ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਨੇਪਾਲ ਨੇ ਕਦੇ ਵੀ ਭਾਰਤੀ ਸਰਹੱਦ ਅੰਦਰ ਅਪਣਾ ਕਬਜ਼ਾ ਨਹੀਂ ਵਧਾਇਆ।