NEET ਪੇਪਰ ਲੀਕ ਮਾਮਲੇ ’ਚ CBI ਨੇ ਦੋ ਹੋਰ ਮੁਲਜ਼ਮਾਂ ਨੂੰ ਕੀਤਾ ਕਾਬੂ |




ਡਾ. ਮਨੋਜ ਸ਼ਿਰੂਰੇ ਅਤੇ ਤੇਜਸ ਹਰਸ਼ਦ ਕੁਮਾਰ ਸ਼ਾਹ ਵਜੋਂ ਹੋਈ ਮੁਲਜ਼ਮਾਂ ਦੀ ਪਛਾਣ |

ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਨੀਟ-ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਲਾਤੂਰ ਦੇ ਇੱਕ ਡਾਕਟਰ ਅਤੇ ਪੁਣੇ ਸਥਿਤ ਇੱਕ ਕੋਚਿੰਗ ਸੰਸਥਾ ਦੇ ਫਿਜ਼ਿਕਸ (ਭੌਤਿਕ ਵਿਗਿਆਨ) ਵਿਸ਼ੇ ਦੇ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਹੈ।  ਅਧਿਕਾਰੀਆਂ ਅਨੁਸਾਰ ਜਾਂਚ ਏਜੰਸੀ ਨੇ ਮਨੋਜ ਸ਼ਿਰੁਰੇ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਦੋਸ਼ ਹੈ ਕਿ ਉਸਨੇ ਤਿੰਨ ਵਿਦਿਆਰਥੀਆਂ ਨੂੰ ਨੀਟ ਦਾ ਪ੍ਰਸ਼ਨ ਪੱਤਰ ਤਿਆਰ ਕਰਨ ਵਾਲੇ ਪੀ ਵੀ ਕੁਲਕਰਨੀ ਤੋਂ ਕੈਮਿਸਟਰੀ (ਰਸਾਇਣ ਵਿਗਿਆਨ) ਦੇ ਪ੍ਰਸ਼ਨ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਵਿਦਿਆਰਥੀਆਂ ਵਿੱਚ ਰੇਣੁਕਾਈ ਕੈਮਿਸਟਰੀ ਕਲਾਸਿਸ (RCC) ਦੇ ਸੰਸਥਾਪਕ ਸ਼ਿਵਰਾਜ ਮੋਟੇਗਾਂਵਕਰ ਦਾ ਪੁੱਤਰ ਵੀ ਸ਼ਾਮਲ ਸੀ।

ਲਾਤੂਰ ਵਿੱਚ ਆਰਸੀਸੀ (RCC) ਦਾ ਸੰਚਾਲਨ ਕਰਨ ਵਾਲੇ ਮੋਟੇਗਾਂਵਕਰ ਨੂੰ ਹਾਲ ਹੀ ਵਿੱਚ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਪੁਣੇ ਸਥਿਤ ਕੋਚਿੰਗ ਸੈਂਟਰ 'ਡਾ. ਅਭੰਗ ਪ੍ਰਭੂ ਮੈਡੀਕਲ ਅਕੈਡਮੀ' (APMA) ਦੇ ਫਿਜ਼ਿਕਸ (ਭੌਤਿਕ ਵਿਗਿਆਨ) ਦੇ ਅਧਿਆਪਕ ਤੇਜਸ ਹਰਸ਼ਦਕੁਮਾਰ ਸ਼ਾਹ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਅਨੁਸਾਰ, ਸ਼ਾਹ ਨੂੰ ਗ੍ਰਿਫਤਾਰ ਮੁਲਜ਼ਮ ਮਨੀਸ਼ਾ ਹਵਲਦਾਰ ਤੋਂ ਨੀਟ-ਯੂਜੀ 2026 ਦੇ ਫਿਜ਼ਿਕਸ ਦੇ ਲੀਕ ਹੋਏ ਪ੍ਰਸ਼ਨ ਮਿਲੇ ਸਨ। ਇਸ ਦੇ ਨਾਲ ਹੀ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ।
ਸੀ.ਬੀ.ਆਈ. ਦੇ ਇੱਕ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਪੂਰੀ ਸਾਜ਼ਿਸ਼ ਅਤੇ ਉਸ ਨਾਲ ਜੁੜੇ ਨੈੱਟਵਰਕ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਸੀ.ਬੀ.ਆਈ. ਹੁਣ ਤੱਕ 49 ਥਾਵਾਂ 'ਤੇ ਛਾਪੇਮਾਰੀ ਕਰ ਚੁੱਕੀ ਹੈ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਹਨ।
ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 12 ਮਈ ਨੂੰ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਰਾਸ਼ਟਰੀ ਯੋਗਤਾ ਅਤੇ ਪ੍ਰਵੇਸ਼ ਪ੍ਰੀਖਿਆ’ (ਗ੍ਰੈਜੂਏਟ) ਯਾਨੀ ਨੀਟ ਨੂੰ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਦੇ ਵਿਚਕਾਰ ਰੱਦ ਕਰ ਦਿੱਤਾ ਸੀ। ਇਹ ਪ੍ਰੀਖਿਆ ਤਿੰਨ ਮਈ ਨੂੰ ਹੋਈ ਸੀ ਅਤੇ ਦੁਬਾਰਾ ਪ੍ਰੀਖਿਆ 21 ਜੂਨ ਨੂੰ ਤੈਅ ਕੀਤੀ ਗਈ ਹੈ। ਸੀ.ਬੀ.ਆਈ. ਨੇ ਸਿੱਖਿਆ ਮੰਤਰਾਲੇ ਦੇ ਅਧੀਨ ਉੱਚ ਸਿੱਖਿਆ ਵਿਭਾਗ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਉਸੇ ਦਿਨ ਮਾਮਲਾ ਦਰਜ ਕੀਤਾ ਸੀ।

ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ, ਦੇਸ਼ ਭਰ ਵਿੱਚ ਤਲਾਸ਼ੀ ਮੁਹਿੰਮਾਂ ਚਲਾਈਆਂ ਅਤੇ ਤੁਰੰਤ ਗ੍ਰਿਫਤਾਰੀਆਂ ਕੀਤੀਆਂ। ਉਨ੍ਹਾਂ ਕਿਹਾ, ‘‘ਹੁਣ ਤੱਕ ਇਸ ਮਾਮਲੇ ਵਿੱਚ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ, ਲਾਤੂਰ ਅਤੇ ਅਹਿਲਿਆਨਗਰ ਤੋਂ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।’’ ਏਜੰਸੀ ਨੇ ਪਹਿਲਾਂ ਕਿਹਾ ਸੀ ਕਿ ਹੁਣ ਤੱਕ ਦੀ ਜਾਂਚ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਅਸਲ ਸਰੋਤ (ਸੋਰਸ) ਦਾ ਪਤਾ ਚੱਲ ਚੁੱਕਾ ਹੈ।