#  info@theaonemedia.com



ਲੂ ਨੇ ਪੰਜਾਬ ਦੇ ਲੋਕਾਂ ਦਾ ਕੀਤਾ ਬੁਰਾ ਹਾਲ, 47 ਤੱਕ ਪਹੁੰਚਿਆ ਤਾਪਮਾਨ |




ਗਰਮੀ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿਚ ਕੀਤੀਆਂ ਛੁੱਟੀਆਂ |

ਪੰਜਾਬ ਅਤੇ ਚੰਡੀਗੜ੍ਹ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 23 ਮਈ ਤੱਕ ਗੰਭੀਰ ਹੀਟਵੇਵ ਅਲਰਟ ਜਾਰੀ ਕੀਤਾ ਹੈ। ਮੰਗਲਵਾਰ ਦੇ ਮੁਕਾਬਲੇ ਪੰਜਾਬ ਵਿੱਚ ਤਾਪਮਾਨ 1.1 ਡਿਗਰੀ ਵਧਿਆ ਹੈ। ਇਹ ਆਮ ਨਾਲੋਂ 4.6 ਡਿਗਰੀ ਵੱਧ ਹੈ। ਮੰਗਲਵਾਰ ਨੂੰ ਫਰੀਦਕੋਟ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿਥੇ ਤਾਪਮਾਨ 47.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹੋਰ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ।

ਅੱਜ ਨੌਂ ਜ਼ਿਲ੍ਹਿਆਂ ਫਿਰੋਜ਼ਪੁਰ, ਮੋਗਾ, ਬਰਨਾਲਾ, ਸੰਗਰੂਰ, ਫਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਗਰਮੀ ਦੀ ਸਥਿਤੀ ਹੋਰ ਵਿਗੜਨ ਦੀ ਸੰਭਾਵਨਾ ਹੈ। ਹਾਲਾਂਕਿ, ਗਰਮੀ ਦੀ ਲਹਿਰ ਦੇ ਹਾਲਾਤ ਹੋਰ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਕਰਦੇ ਰਹਿਣਗੇ। ਮੌਸਮ ਵਿਭਾਗ ਨੇ ਅਗਲੇ ਹਫ਼ਤੇ ਪੰਜਾਬ ਵਿੱਚ ਮੀਂਹ ਨਾ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿੱਚ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਚੰਡੀਗੜ੍ਹ ਵਿਚ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਇਸ ਦੇ ਨਾਲ, ਚੰਡੀਗੜ੍ਹ ਦੇ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ 23 ਮਈ ਤੋਂ 30 ਜੂਨ, 2026 (ਕੁੱਲ 39 ਦਿਨ) ਤੱਕ ਹੋਣਗੀਆਂ। ਹਾਲਾਂਕਿ, ਅਧਿਆਪਕ 29 ਅਤੇ 30 ਜੂਨ ਨੂੰ ਸਕੂਲ ਆਉਣਗੇ।

ਗਰਮੀ ਕਾਰਨ ਪੰਜਾਬ ਵਿਚ ਬਿਜਲੀ ਦੀ ਮੰਗ ਕਾਫ਼ੀ ਵਧ ਗਈ ਹੈ। ਬੀਤੇ ਦਿਨੀਂ ਦੁਪਹਿਰੇ ਵੇਲੇ ਸੂਬੇ ਵਿਚ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੋਂ ਟੱਪ ਗਈ, ਜੋ ਕਿ ਇਸ ਸੀਜ਼ਨ ਦਾ ਰਿਕਾਰਡ ਹੈ। ਸੂਬੇ ਵਿਚ ਗਰਮੀ ਵਧਣ ਕਰ ਕੇ ਸਰਕਾਰੀ ਤੇ ਪ੍ਰਾਈਵੇਟ ਖੇਤਰ ਦੇ ਕੁੱਲ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ’ਚੋਂ 14 ਯੂਨਿਟ ਚੱਲ ਰਹੇ ਹਨ। ਹਾਲਾਂਕਿ ਪੰਜਾਬ ਵਿਚ ਝੋਨੇ ਦੀ ਲੁਆਈ ਅਜੇ ਪਹਿਲੀ ਜੂਨ ਤੋਂ ਸ਼ੁਰੂ ਹੋਵੇਗੀ। ਲੁਆਈ ਸ਼ੁਰੂ ਹੋਣ ’ਤੇ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ। ਵੇਰਵਿਆਂ ਮੁਤਾਬਕ ਬੀਤੇ ਦਿਨ ਬਿਜਲੀ ਦੀ ਵੱਧ ਤੋਂ ਵੱਧ ਮੰਗ 14,054 ਮੈਗਾਵਾਟ ਦਰਜ ਕੀਤੀ ਗਈ ਹੈ। ਇਹ ਮੰਗ ਰਾਤ 8 ਵਜੇ ਤੱਕ ਘਟ ਕੇ 11 ਹਜ਼ਾਰ ਮੈਗਾਵਾਟ ਰਹਿ ਗਈ।

18 ਮਈ ਨੂੰ 13,721 ਮੈਗਾਵਾਟ ਦੀ ਮੰਗ ਦਰਜ ਕੀਤੀ ਗਈ ਸੀ। ਸੂਬੇ ਵਿਚ ਸਾਲ 2024 ਵਿੱਚ 13,027 ਮੈਗਾਵਾਟ ਮੰਗ ਦਰਜ ਕੀਤੀ ਗਈ ਸੀ। ਬਿਜਲੀ ਦੀ ਮੰਗ ਵਧਣ ਕਾਰਨ ਸਰਕਾਰੀ ਦੇ ਪ੍ਰਾਈਵੇਟ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ। ਬੀਤੇ ਦਿਨੀਂ ਰੂਪਨਗਰ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਵਿੱਚੋਂ 3 ਯੂਨਿਟ ਚੱਲ ਰਹੇ ਸਨ।

ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਸਨ। ਇਸੇ ਤਰ੍ਹਾਂ ਪ੍ਰਾਈਵੇਟ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋਂ ਯੂਨਿਟ ਚੱਲ ਰਹੇ ਸਨ। ਦੇਸ਼ ਵਿਚ ਵੱਧ ਤੋਂ ਵੱਧ ਬਿਜਲੀ ਦੀ ਮੰਗ ਬੀਤੇ ਦਿਨੀਂ 260.45 ਗੀਗਾਵਾਟ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈ। ਇਸ ਦਾ ਮੁੱਖ ਕਾਰਨ ਭਿਆਨਕ ਗਰਮੀ ਵਿਚਾਲੇ ਏਅਰ ਕੰਡੀਸ਼ਨਰਾਂ (ਏ ਸੀ) ਤੇ ਕੂਲਰਾਂ ਵਰਗੇ ਠੰਢਕ ਦੇਣ ਵਾਲੇ ਯੰਤਰਾਂ ਦੀ ਵਧਦੀ ਵਰਤੋਂ ਹੈ।








Copyright © 2019-22 THEAONEMEDIA