ਪੈਟਰੋਲ 86 ਪੈਸੇ ਅਤੇ ਡੀਜ਼ਲ 83 ਪੈਸੇ ਹੋਇਆ ਮਹਿੰਗਾ |
ਨਵੀਂ ਦਿੱਲੀ : ਮੰਗਲਵਾਰ ਨੂੰ ਦੇਸ਼ ਭਰ ਵਿੱਚ ਪੈਟਰੌਲ ਦੀਆਂ ਕੀਮਤਾਂ ’ਚ 86 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 83 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਇਹ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ ਦੂਜਾ ਵਾਧਾ ਹੈ। ਪਿਛਲਾ ਵਾਧਾ ਸ਼ੁੱਕਰਵਾਰ 15 ਮਈ ਨੂੰ 3 ਰੁਪਏ ਪ੍ਰਤੀ ਲੀਟਰ ਦਾ ਕੀਤਾ ਗਿਆ ਸੀ। ਨਵੇਂ ਵਾਧੇ ਨਾਲ ਦਿੱਲੀ ’ਚ ਪੈਟਰੌਲ ਦੀ ਨਵੀਂ ਕੀਮਤ 98.64 ਪ੍ਰਤੀ ਲੀਟਰ, ਮੁੰਬਈ ’ਚ 107.59, ਕੋਲਕਾਤਾ ’ਚ 109.70 ਅਤੇ ਚੇਨਈ 104.49 ਪ੍ਰਤੀ ਲੀਟਰ ’ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀਆਂ ਨਵੀਆਂ ਕੀਮਤਾਂ ਦਿੱਲੀ ’ਚ 91.58 ਪ੍ਰਤੀ ਲੀਟਰ, ਮੁੰਬਈ ’ਚ 94.08, ਕੋਲਕਾਤਾ ’ਚ 96.08 ਅਤੇ ਚੇਨਈ ’ਚ 86.11 ਪ੍ਰਤੀ ਲੀਟਰ ’ਤੇ ਪਹੁੰਚ ਗਈ ਹੈ।
ਇਸ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਹੈ। ਈਰਾਨ ਅਤੇ ਅਮਰੀਕਾ ਵਿਚਕਾਰ ਜੰਗ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ਸਨ, ਜੋ ਹੁਣ 100 ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਗਈਆਂ ਹਨ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਤੇਲ ਕੰਪਨੀਆਂ ਦਬਾਅ ਹੇਠ ਸਨ। ਇਸ ਲਈ, ਕੰਪਨੀਆਂ ਨੇ ਆਪਣੇ ਨੁਕਸਾਨ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕਿਆ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹਿੰਦੀਆਂ ਹਨ, ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।