ਲੁਧਿਆਣਾ ਦੇ ਪਿੰਡ ਮਾਣੂਕੇ ਨਾਲ ਸੀ ਸਬੰਧਿਤ
ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਇਥੇ ਇਕ ਹੋਰ ਪੰਜਾਬਣ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਮੋਲਦੀਪ ਕੌਰ (Anmoldeep kaur Canada 24) ਵਜੋਂ ਹੋਈ ਹੈ, ਜੋ ਕਿ ਓਨਟਾਰੀਓ ਦੇ ਬੈਰੀ ਇਲਾਕੇ ਵਿਚ ਰਹਿੰਦੀ ਸੀ। ਜਾਣਕਾਰੀ ਅਨੁਸਾਰ ਲੜਕੀ ਨੂੰ ਪਾਰਕ ਦੇ ਬੈਂਚ 'ਤੇ ਮ੍ਰਿਤਕ ਪਾਇਆ ਗਿਆ। ਅਨਮੋਲਦੀਪ 5 ਸਾਲ ਪਹਿਲਾਂ ਵਿਦੇਸ਼ ਗਈ ਸੀ ਤੇ ਲੁਧਿਆਣਾ ਦੇ ਪਿੰਡ ਮਾਣੂਕੇ ਨਾਲ ਸਬੰਧਿਤ ਸੀ।
ਮ੍ਰਿਤਕ ਲੜਕੀ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ 2021 ਵਿਚ ਉਨ੍ਹਾਂ ਦੀ ਲੜਕੀ ਕੈਨੇਡਾ ਗਈ ਸੀ ਜੋ ਉਥੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਸੀ। ਉਸ ਨੇ ਪੀਆਰ ਲਈ ਫਾਈਲ ਵੀ ਲਗਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਾਰਕ ਦੇ ਬੈਂਚ 'ਤੇ ਬੈਠੀ ਸੀ ਜਿੱਥੇ ਉਸ ਨੂੰ ਮ੍ਰਿਤਕ ਹਾਲਤ ਵਿਚ ਪਾਇਆ ਗਿਆ।
ਉਨ੍ਹਾਂ ਇਹ ਵੀ ਕਿਹਾ ਕਿ ਲੜਕੀ ਦੇ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੈਨੇਡਾ ਪੁਲਿਸ ਕਾਰਵਾਈ ਕਰ ਰਹੀ ਹੈ। ਲੜਕੀ ਦੀ ਦੇਹ ਲਿਆਉਣ ਲਈ ਉਨ੍ਹਾਂ ਦੇ ਜੱਦੀ ਪਿੰਡ ਮਾਣੂਕੇ ਦੀ ਸੰਸਥਾ ਕੈਨੇਡਾ ਵਿਖੇ ਯਤਨ ਕਰ ਰਹੀ ਹੈ।