ਵੱਡੇ ਤੋਂ ਛੋਟੇ ਸਿਲੰਡਰ ਵਿੱਚ ਗੈਸ ਭਰਦੇ ਸਮੇਂ ਹੋਇਆ ਧਮਾਕਾ
ਹਰਿਆਣਾ ਦੇ ਯਮੁਨਾਨਗਰ ਵਿੱਚ ਅੱਜ ਸਵੇਰੇ ਇੱਕ ਐਲਪੀਜੀ ਸਿਲੰਡਰ ਫਟਣ ਨਾਲ ਕਈ ਬੱਚਿਆਂ ਸਮੇਤ ਦਸ ਲੋਕ ਗੰਭੀਰ ਜ਼ਖ਼ਮੀ ਹੋ ਗਏ। ਧਮਾਕੇ ਨਾਲ ਘਰ ਦੀਆਂ ਕੰਧਾਂ ਢਹਿ ਗਈਆਂ। ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ ਜਦੋਂ ਘਰ ਦੇ ਅੰਦਰ ਇੱਕ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿੱਚ ਗੈਸ ਟ੍ਰਾਂਸਫਰ ਕੀਤੀ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਗੈਸ ਟ੍ਰਾਂਸਫਰ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ, ਜਿਸ ਨਾਲ ਅੱਗ ਪੂਰੇ ਘਰ ਵਿੱਚ ਫੈਲ ਗਈ, ਘਰ ਵਿਚ ਮੌਜੂਦ ਲੋਕ ਅੱਗ ਦੀ ਲਪੇਟ ਵਿੱਚ ਆ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਮਦਦ ਲਈ ਮੌਕੇ 'ਤੇ ਪਹੁੰਚ ਗਏ।
ਸਲੇਮਪੁਰ ਪਿੰਡ ਵਿੱਚ ਵਾਪਰੀ ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸਾਂ ਮੌਕੇ 'ਤੇ ਪਹੁੰਚੀਆਂ ਅਤੇ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਜਗਾਧਰੀ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖ਼ਮੀ ਪ੍ਰਵਾਸੀ ਪਰਿਵਾਰਾਂ ਤੋਂ ਦੱਸੇ ਜਾ ਰਹੇ ਹਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਦਸੇ ਦਾ ਕਾਰਨ ਲਾਪਰਵਾਹੀ ਹੋ ਸਕਦੀ ਹੈ।