#  info@theaonemedia.com



ਕੈਨੇਡਾ ਨੇ ‘ਸ਼ਰਨਾਰਥੀ ਸਿਸਟਮ' ਨੂੰ ਸਖ਼ਤ ਕਰਨ ਲਈ ਨਵਾਂ ਐਕਟ ਕੀਤਾ ਲਾਗੂ




ਭਾਰਤ, ਵਿਸ਼ੇਸ਼ ਕਰ ਕੇ ਪੰਜਾਬ ਦੇ ਨੌਜੁਆਨਾਂ ਲਈ ਵਧੇਗੀ 

ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਕੈਨੇਡਾ ਸਰਕਾਰ ਨੇ ਪਿਛਲੇ ਹਫ਼ਤੇ ‘ਬਿੱਲ ਸੀ-12’ ਪਾਸ ਕਰ ਕੇ ਨਵਾਂ ਐਕਟ ਤੁਰਤ ਲਾਗੂ ਕਰ ਦਿਤਾ ਹੈ ਜਿਸ ਤਹਿਤ ‘ਸ਼ਰਨਾਰਥੀ ਸਿਸਟਮ’ ਨੂੰ ਸਖ਼ਤ ਕਰਨ ਲਈ ਨਵੀਆਂ ਸ਼ਰਤਾਂ ਲਗਾ ਕੇ ਹਜ਼ਾਰਾਂ ਭਾਰਤੀਆਂ ਵਿਸ਼ੇਸ਼ ਕਰ ਕੇ ਪੰਜਾਬੀ ਨੌਜੁਆਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਚਿੰਤਾਂ ’ਚ ਪਾ ਦਿਤਾ ਹੈ।

ਇਸ ਨਵੇਂ ਐਕਟ ਦਾ ਮਕਸਦ ਕੈਨੇਡਾ ’ਚ ਚੱਲ ਰਹੇ ਸ਼ਰਨਾਰਥੀ ਸਿਸਟਮ ਦੀ ਦੁਰਵਰਤੋਂ ਨੂੰ ਰੋਕਣਾ ਹੈ ਕਿਉਂਕਿ ਜਿਨ੍ਹਾਂ ਹਜ਼ਾਰਾਂ ਅਰਜ਼ੀਕਰਤਾਵਾਂ ਨੂੰ ਹੋਰ ਢੰਗ ਵਰਤਣ ਤੋਂ ਸਾਫ਼ ਇਨਕਾਰ ਹੋ ਜਾਂਦਾ ਸੀ, ਉਹ ਸ਼ਰਨ ਲੈਣ ਲਈ ਅਤੇ ਗ਼ਲਤ ਕਾਗ਼ਜ਼ ਬਣਾ ਕੇ ਸ਼ਰਨ ਲੈਣ ਦੀ ਅਰਜ਼ੀ ਦਾਇਰ ਕਰ ਦਿੰਦੇ ਸਨ। ਟੋਰਾਂਟੋ ਤੋਂ ਛਪੀਆਂ ਖ਼ਬਰਾਂ ਅਨੁਸਾਰ ਪਿਛਲੇ 3 ਸਾਲਾਂ ’ਚ ਸ਼ਰਨਾਰਥੀ ਸਿਸਟਮ ਤਹਿਤ 2023 ’ਚ 11260 ਅਰਜ਼ੀਆਂ ਪ੍ਰਾਪਤਾ ਹੋਈਆਂ, ਇਹ ਗਿਣਤੀ 2024 ’ਚ ਵੱਧ ਕੇ 32,280 ਹੋਈ ਅਤੇ ਪਿਛਲੇ ਸਾਲ ਅਰਜ਼ੀ ਕਰਤਾ ਹੋਰ ਵੱਧ ਗਏ ਅਤੇ ਸਰਕਾਰ ਨੇ ਇਸ ’ਤੇ ਰੋਕ ਲਾਉਣ ਲਈ ਨਵੇਂ ਨਿਯਮ ਲਾਗੂ ਕਰ ਦਿਤੇ।

ਅਪਲਾਈ ਕਰਨ ਵਾਸਤੇ ਤੈਅ ਕੀਤੀਆਂ ਨਵੀਂਆਂ ਸ਼ਰਤਾਂ ’ਚ 24 ਜੂਨ ,2020 ਤੋਂ ਬਾਅਦ ਕੈਨੇਡਾ ਪਹੁੰਚੇ ਸੈਲਾਨੀ, ਵਿਜ਼ਟਰ, ਵਿਦਿਆਰਥੀ ਜਾਂ ਹੋਰ ਵਿਅਕਤੀ ਜਾਂ ਅਰਜ਼ੀਕਰਤਾ ਦਾ ਕੇਸ ‘ਇਮੀਗ੍ਰੇਸ਼ਨ ਰਿਫ਼ਿਊਜੀ ਬੋਰਡ (ਆਈਆਰਬੀ) ਨੂੰ ਨਹੀਂ ਭੇਜਿਆ ਜਾਵੇਗਾ। ਅੰਕੜਿਆਂ ਮੁਤਾਬਕ 2023 ’ਚ 11260 ਭਾਰਤੀ ਜਿਨ੍ਹਾਂ ’ਚ ਜ਼ਿਆਦਾ ਪੰਜਾਬੀ ਸਨ, ਨੇ ਸ਼ਰਨਾਰਥੀ ਸਿਸਟਮ ਤਹਿਤ ਕਲੇਮ ਕੀਤਾ। ਇਨ੍ਹਾਂ ’ਚ 6410 ਪਹਿਲਾਂ ਹੀ ਕੈਨੇਡਾ ’ਚ ਰਹਿ ਰਹੇ ਸਨ। ਇਹ ਗਿਣਤੀ ਵੱਧ ਕੇ 2024 ’ਚ 32,280 ਹੋ ਗਈ। ਇਨ੍ਹਾਂ ’ਚ 17525 ਕੈਨੇਡਾ ’ਚ ਹੀ ਰਹੇ ਸਨ। ਪਿਛਲੇ ਸਾਲ ਇਹ ਅੰਕੜਾ 17200 ਅਰਜ਼ੀਆਂ ਦਾ ਸੀ ਅਤੇ 14,800 ਇਨ੍ਹਾਂ ’ਚ ਕੈਨੇਡਾ ਦੇ ਬਸ਼ਿੰਦੇ ਸਨ। 

ਇਥੇ ਇਹ ਵੀ ਜ਼ਿਕਰਯੋਗ ਹੈ ਕਿ 2015 ’ਚ ਭਾਰਤੀ ਨਾਗਰਿਕਾਂ ਨੇ 380 ਸ਼ਰਨਾਰਥੀ ਕਲੇਮ ਲਏ ਜਦੋਂ ਕਿ ਅਰਜ਼ੀਕਰਤਾ 16,050 ਸਨ ਅਤੇ 2023 ’ਚ 1,43,335 ਵਿਅਕਤੀਆਂ ’ਚੋਂ 11260 ਸ਼ਰਨਾਰਥੀ ਸਫ਼ਲ ਹੋ ਗਏ। ਇਸੇ ਤਰ੍ਹਾਂ ਪਿਛਲੇ ਸਾਲ 1,71,850 ਅਰਜ਼ੀਕਰਤਾਵਾਂ ’ਚੋਂ 32280 ਸਫ਼ਲ ਰਹੇ। ਨਵੀਆਂ ਸ਼ਰਤਾਂ ਅਤੇ ਸ਼ਰਨਾਰਥੀ ਐਕਟ ਬਾਰੇ ਟੋਰਾਂਟੋ ਤੋਂ ਇਕ ਕਾਨੂੰਨੀ ਮਾਹਰ ਨੇ ਦਸਿਆ ਕਿ ਨਿਯਮਾਂ ’ਚ ਸਖ਼ਤੀ ਕਰਨ ਨਾਲ ਪ੍ਰੀ-ਰਿਮੂਵਲ ਰਿਸਕ ਅਸੈਸਮੈਂਟ (ਪੀਆਰਆਰਏ) ਜਿਸ ਦਾ ਮਤਲਬ ‘ਕੈਨੇਡਾ ਤੋਂ ਕੱਢੇ ਜਾਣ ਦਾ ਖ਼ਤਰਾ ਹਟਾਉਣ’ ਲਈ ਹਜ਼ਾਰਾਂ ਵਿਅਕਤੀ ਉਥੋਂ ਦੀ ਫੈਡਰਲ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਤੇ ਹਾਹਾਕਾਰ ਮਚੇਗੀ। 

ਮਾਹਰ ਨੇ ਇਹ ਵੀ ਕਿਹਾ  ਕਿ ਸਖ਼ਤ ਕਾਨੂੰਨ ਤੇ ਯੋਗ ਹੋਣ ਲਈ ਨਵੀਆਂ ਸ਼ਰਤਾਂ ‘ਕਾਨੂੰਨੀ ਤੌਰ ’ਤੇ ਉਥੇ ਰਹਿ ਰਹੇ ਸ਼ਰਨਾਰਥੀਆਂ ’ਤੇ ਵੀ ਮਾੜਾ ਅਸਰ ਪਾਉਣਗੀਆਂ। ਆਈਆਰਸੀਸੀ ਦੇ ਇਕ ਬੁਲਾਰੇ ਨੇ ਇਹ ਵੀ ਤਾੜਨਾ ਕੀਤੀ ਕਿ ਨਵੇਂ ਕਾਨੂੰਨ ਰਾਹੀਂ ਕਾਗ਼ਜ਼ਾਂ ਤੇ ਦਸਤਾਵੇਜ਼ਾਂ ਦੀ ਪੜਤਾਲ ਵਧਣ, ਬਰੀਕੀ ਨਾਲ ਲਾਗੂ ਕਰਨ ਕਰ ਕੇ ‘ਆਰਜ਼ੀ ਤੌਰ ’ਤੇ ਰਹਿ ਰਹੇ’ ਯਾਨੀ ਟੀਆਰ ਵਾਲੇ ਨੌਜੁਆਨਾਂ ਵਲੋਂ ਅਪਲਾਈ ਕਰਨਾ ਘਟੇਗਾ, ਜਿਨ੍ਹਾਂ ’ਚ ਵਿਜ਼ਟਰ, ਵਰਕਰ, ਵਿਦਿਆਰਥੀ ਸ਼ਾਮਲ ਹਨ। ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਕਈ ਮਾਹਰਾਂ ਨੇ ਇਸ ਨਵੇਂ ਐਕਟ ਤਹਿਤ ਸਖ਼ਤ ਸ਼ਰਤਾਂ ’ਤੇ ਚਿੰਤਾ ਜਾਹਰ ਕੀਤੀ। 







Copyright © 2019-22 THEAONEMEDIA