ਇਸ ਕਦਮ ਦਾ ਮੁੱਖ ਉਦੇਸ਼ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀ ਖਪਤ ਨੂੰ ਘਟਾਉਣਾ ਹੈ।
ਇਸਲਾਮਾਬਾਦ : ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਜੰਗ ਨੇ ਜਿੱਥੇ ਦੁਨੀਆ ਭਰ ’ਚ ਤੇਲ ਤੇ ਗੈਸ ਦਾ ਸੰਕਟ ਪੈਦਾ ਕਰ ਦਿਤਾ ਹੈ, ਉੱਥੇ ਹੀ ਇਸ ਦਾ ਸੱਭ ਤੋਂ ਵੱਡਾ ਅਸਰ ਪਾਕਿਸਤਾਨ ’ਚ ਦੇਖਣ ਨੂੰ ਮਿਲ ਰਿਹਾ ਹੈ।
ਗਲੋਬਲ ਪੱਧਰ ’ਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਅਤੇ ਕੀਮਤਾਂ ਵਿਚ ਭਾਰੀ ਉਛਾਲ ਆਉਣ ਕਾਰਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਪੂਰੇ ਪਾਕਿਸਤਾਨ ਵਿਚ ‘ਸਮਾਰਟ ਲਾਕਡਾਊਨ’ ਲਗਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਮੁੱਖ ਉਦੇਸ਼ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀ ਖਪਤ ਨੂੰ ਘਟਾਉਣਾ ਹੈ।
ਹੁਕਮਾਂ ਮੁਤਾਬਕ ਦੇਸ਼ ਭਰ ਦੇ ਸਕੂਲ ਅਗਲੇ ਦੋ ਹਫ਼ਤਿਆਂ ਲਈ ਬੰਦ ਕਰ ਦਿਤੇ ਗਏ ਹਨ। ਕਈ ਇਲਾਕਿਆਂ ਵਿਚ ਆਨਲਾਈਨ ਕਲਾਸਾਂ ਲਗਾਉਣ ਦੇ ਨਿਰਦੇਸ਼ ਦਿਤੇ ਗਏ ਹਨ। ਇਸ ਤੋਂ ਇਲਾਵਾ ਜ਼ਰੂਰੀ ਵਸਤੂਆਂ, ਜਿਵੇਂ ਦਵਾਈਆਂ ਅਤੇ ਰਾਸ਼ਨ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਸ਼ਾਮ ਨੂੰ ਜਲਦੀ ਬੰਦ ਕਰਨ ਦੇ ਹੁਕਮ ਦਿਤੇ ਗਏ ਹਨ।
ਸਰਕਾਰੀ ਮੁਲਾਜ਼ਮਾਂ ਲਈ ‘ਵਰਕ ਫ਼ਰਾਮ ਹੋਮ’ ਲਾਗੂ ਕੀਤਾ ਗਿਆ ਹੈ ਅਤੇ ਸਰਕਾਰੀ ਗੱਡੀਆਂ ਦੇ ਤੇਲ ਕੋਟੇ ਵਿਚ 60 ਫ਼ੀ ਸਦੀ ਤਕ ਦੀ ਕਟੌਤੀ ਕੀਤੀ ਗਈ ਹੈ। ਗ਼ੈਰ-ਜ਼ਰੂਰੀ ਸਫ਼ਰ ’ਤੇ ਰੋਕ ਲਗਾਉਣ ਲਈ ਹਾਈਵੇਅ ’ਤੇ ਨਿਗਰਾਨੀ ਵਧਾ ਦਿਤੀ ਗਈ ਹੈ। ਇਥੋਂ ਤਕ ਕਿ ਵਿਆਹ ਸਮਾਗਮਾਂ ਅਤੇ ਵੱਡੇ ਇਕੱਠਾਂ ’ਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। (ਏਜੰਸੀ)