Punjab News: ਪੰਜਾਬ ਭਰ ਵਿੱਚ ਦੁਪਹਿਰ 12 ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ।
ਪੰਜਾਬ ਵਿੱਚ ਝੋਨੇ ਦੀ ਖ਼ਰੀਦ ’ਚ ਅੜਿੱਕਿਆਂ ਕਾਰਨ ਕਿਸਾਨ ਅੱਜ ਐਤਵਾਰ ਨੂੰ ਸੂਬੇ ਵਿੱਚ ਸੜਕੀ ਅਤੇ ਰੇਲ ਮਾਰਗ ਜਾਮ ਕਰਨਗੇ। ਸੰਯੁਕਤ ਕਿਸਾਨ ਮੋਰਚਾ ਨੇ ਲੰਘੇ ਦਿਨ ਹੀ 13 ਅਕਤੂਬਰ ਨੂੰ ਦੁਪਹਿਰ 12 ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ, ਜਿਸ ਨੂੰ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਨੇ ਵੀ ਹਮਾਇਤ ਦਿੱਤੀ ਹੈ। ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ 13 ਅਕਤੂਬਰ ਨੂੰ ਪੰਜਾਬ ਭਰ ਵਿੱਚ ਦੁਪਹਿਰ 12 ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ।
ਝੋਨੇ ਦੀ ਸਰਕਾਰੀ ਖ਼ਰੀਦ ਸਬੰਧੀ ਕਈ ਵਰ੍ਹਿਆਂ ਮਗਰੋਂ ਅਜਿਹੀ ਸਥਿਤੀ ਬਣੀ ਹੈ ਕਿ ਕਿਸਾਨਾਂ ਨੂੰ ਸੜਕਾਂ ਜਾਮ ਕਰਨੀਆਂ ਪੈ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਸਾਨਾਂ ਦੀ ਹੱਕੀ ਮੰਗ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਅਤੇ ਅਗਲੀ ਫ਼ਸਲ ਦੀ ਬਿਜਾਈ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਸਰਕਾਰਾਂ ਦੀ ਇਸ ਕਿਸਾਨ ਵਿਰੋਧੀ ਨੀਤੀ ਨੂੰ ਪਛਾੜਨ ਲਈ 13 ਅਕਤੂਬਰ ਨੂੰ ਦੁਪਹਿਰ 12 ਵਜੇ ਮਿਥੀਆਂ ਥਾਵਾਂ ਉੱਤੇ ਰੇਲਵੇ ਲਾਈਨਾਂ ’ਤੇ ਪਹੁੰਚਿਆ ਜਾਵੇ।
ਅੱਜ ਸਮੁੱਚਾ ਪੰਜਾਬ ਤਿੰਨ ਘੰਟਿਆਂ ਲਈ ਪੂਰੀ ਤਰ੍ਹਾਂ ਜਾਮ ਰਹੇਗਾ। ਦਿੱਲੀ ਅੰਦੋਲਨ ਤੋਂ ਮਗਰੋਂ ਪਹਿਲੀ ਵਾਰ ਹੈ ਕਿ ਸੜਕੀ ਜਾਮ ਨੂੰ ਸੂਬੇ ਦੇ ਆੜ੍ਹਤੀਏ ਅਤੇ ਸ਼ੈਲਰ ਮਾਲਕ ਵੀ ਹਮਾਇਤ ਦੇ ਰਹੇ ਹਨ। ਮੁੱਢਲੇ ਪੜਾਅ ’ਤੇ ਹੀ ਕਿਸਾਨ ਅੰਦੋਲਨ ਸ਼ੁਰੂ ਹੋਣ ਕਰਕੇ ਪੰਜਾਬ ਸਰਕਾਰ ਵੀ ਫ਼ਿਕਰਮੰਦ ਹੋ ਗਈ ਹੈ। ਬੀਤੇ ਦਿਨੀਂ ਸੀਨੀਅਰ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਸ਼ਾਮ ਤੱਕ ਮੀਟਿੰਗ ਕੀਤੀ, ਜਿਸ ਵਿਚ ਕੋਈ ਨਤੀਜਾ ਨਾ ਨਿਕਲਿਆ।